
ਪਟਿਆਲਾ, 24 ਜੁਲਾਈ (ਹਿੰ.ਸ.)| ਪੰਜਾਬ ਸਰਕਾਰ ਵੱਲੋਂ 28 ਜੁਲਾਈ ਨੂੰ ਸ਼ਾਮ 6:30 ਵਜੇ ਪਟਿਆਲਾ ਦੇ ਆਤਮਾ ਰਾਮ ਕੁਮਾਰ ਸਭਾ ਗਰਾਊਂਡ ਵਿੱਚ ਭਗਵਾਨ ਸ਼ਿਵ ਨੂੰ ਸਮਰਪਿਤ ਵਿਸ਼ਾਲ ਧਾਰਮਿਕ ਸਮਾਗਮ ‘ਏਕ ਸ਼ਾਮ ਭਗਵਾਨ ਸ਼ਿਵ ਕੇ ਨਾਮ’ ਕਰਵਾਇਆ ਜਾਵੇਗਾ। ਇਸ ਦੀ ਜਾਣਕਾਰੀ ਪੰਜਾਬ ਦੇ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਨੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ।
ਉਨ੍ਹਾਂ ਦੱਸਿਆ ਕਿ ਸਮਾਗਮ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ, ਕੈਬਨਿਟ ਮੰਤਰੀ, ਵਿਧਾਇਕ ਅਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਸ਼ਿਰਕਤ ਕਰਨਗੀਆਂ।
ਦੀਪਕ ਬਾਲੀ ਨੇ ਕਿਹਾ ਕਿ ਪ੍ਰਸਿੱਧ ਭਜਨ ਗਾਇਕ ਹੰਸ ਰਾਜ ਰਘੂਵੰਸ਼ੀ ਭਗਵਾਨ ਸ਼ਿਵ ਦੇ ਭਜਨਾਂ ਰਾਹੀਂ ਸੰਗਤ ਨੂੰ ਨਿਹਾਲ ਕਰਨਗੇ। ਉਨ੍ਹਾਂ ਕਿਹਾ ਕਿ ਪਟਿਆਲਾ ਵਿੱਚ ਪਹਿਲੀ ਵਾਰ ਇੰਨੇ ਵੱਡੇ ਪੱਧਰ 'ਤੇ ਇਹ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ ਅਤੇ ਸ਼ਰਧਾਲੂਆਂ ਦੀ ਸਹੂਲਤ ਲਈ ਪੰਜਾਬ ਸਰਕਾਰ ਵੱਲੋਂ ਹਰ ਲੋੜੀਂਦਾ ਪ੍ਰਬੰਧ ਕੀਤਾ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਇਹ ਸਮਾਗਮ ਸ਼ਰਧਾ, ਆਸਥਾ, ਸਭਿਆਚਾਰ ਅਤੇ ਭਾਈਚਾਰਕ ਸਾਂਝ ਦਾ ਵਿਲੱਖਣ ਸੁਮੇਲ ਹੋਵੇਗਾ, ਜਿਸ ਵਿੱਚ ਪਟਿਆਲਾ ਅਤੇ ਨੇੜਲੇ ਜ਼ਿਲ੍ਹਿਆਂ ਤੋਂ ਹਜ਼ਾਰਾਂ ਸ਼ਰਧਾਲੂਆਂ ਦੇ ਪਹੁੰਚਣ ਦੀ ਉਮੀਦ ਹੈ।
ਇਸ ਮੌਕੇ ਸਨਾਤਨ ਸੇਵਾ ਸਮਿਤੀ ਦੇ ਪ੍ਰਧਾਨ ਵਿਜੈ ਸ਼ਰਮਾ ਨੇ ਕਿਹਾ ਕਿ ਇਹ ਸਮਾਗਮ ਪੰਜਾਬ ਦੀਆਂ ਧਾਰਮਿਕ ਅਤੇ ਸਭਿਆਚਾਰਕ ਰਵਾਇਤਾਂ ਨੂੰ ਹੋਰ ਮਜ਼ਬੂਤ ਕਰੇਗਾ ਅਤੇ ਸਮਾਜ ਵਿੱਚ ਭਾਈਚਾਰਕ ਸਾਂਝ, ਸ਼ਾਂਤੀ ਅਤੇ ਏਕਤਾ ਦਾ ਸੰਦੇਸ਼ ਦੇਵੇਗਾ। ਦੀਪਕ ਬਾਲੀ, ਤੇਜਿੰਦਰ ਮਹਿਤਾ, ਮੇਅਰ ਕੁੰਦਨ ਗੋਗੀਆ ਅਤੇ ਪੀਆਰਟੀਸੀ ਦੇ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਨੇ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਾਰੇ ਧਰਮਾਂ ਦੇ ਸਮਾਗਮਾਂ ਨੂੰ ਪੂਰਾ ਸਨਮਾਨ ਅਤੇ ਸਹਿਯੋਗ ਦਿੱਤਾ ਜਾ ਰਿਹਾ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH