
ਚੰਡੀਗੜ੍ਹ, 31 ਜੁਲਾਈ (ਹਿੰ.ਸ.)| ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸੂਬੇ ਵਿੱਚ ਘਰੇਲੂ ਅਤੇ ਸਜਾਵਟੀ ਪੇਂਟਾਂ ਵਿੱਚ ਲੈੱਡ (ਸੀਸਾ) ਦੀ ਮਾਤਰਾ ਨੂੰ ਨਿਯੰਤਰਿਤ ਕਰਨ ਲਈ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਬੋਰਡ ਨੇ ਸਾਰੇ ਸਬੰਧਤ ਫੀਲਡ ਦਫ਼ਤਰਾਂ ਨੂੰ ਹਦਾਇਤ ਕੀਤੀ ਹੈ ਕਿ ਪੇਂਟ ਨਿਰਮਾਤਾਵਾਂ ਦੀ ਸਹਿਮਤੀ ਪ੍ਰਕਿਰਿਆ ਦੌਰਾਨ ਲੈੱਡ ਸਮੱਗਰੀ ਸਬੰਧੀ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ।ਇਹ ਨਿਰਦੇਸ਼ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ “ਘਰੇਲੂ ਅਤੇ ਸਜਾਵਟੀ ਪੇਂਟ ਨਿਯਮਾਂ, 2016 ਵਿੱਚ ਲੈੱਡ ਸਮੱਗਰੀ ਦੇ ਨਿਯਮ” ਤਹਿਤ ਜਾਰੀ ਕੀਤੇ ਗਏ ਹਨ। ਇਨ੍ਹਾਂ ਨਿਯਮਾਂ ਅਨੁਸਾਰ 90 ਪਾਰਟਸ ਪ੍ਰਤੀ ਮਿਲੀਅਨ ਤੋਂ ਵੱਧ ਲੈੱਡ ਵਾਲੇ ਪੇਂਟਾਂ ਦੇ ਨਿਰਮਾਣ, ਵਿਕਰੀ, ਆਯਾਤ ਅਤੇ ਨਿਰਯਾਤ 'ਤੇ ਪਾਬੰਦੀ ਹੈ।ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਜਾਰੀ ਹੁਕਮਾਂ ਅਨੁਸਾਰ ਪੇਂਟ ਨਿਰਮਾਤਾਵਾਂ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਉਨ੍ਹਾਂ ਦੇ ਉਤਪਾਦਾਂ ਵਿੱਚ ਲੈੱਡ ਦੀ ਮਾਤਰਾ ਨਿਰਧਾਰਤ ਸੀਮਾ ਤੋਂ ਵੱਧ ਨਾ ਹੋਵੇ। ਇਸ ਦੇ ਨਾਲ ਹੀ ਨਿਰਮਾਤਾਵਾਂ ਨੂੰ ਮਾਨਤਾ ਪ੍ਰਾਪਤ ਪ੍ਰਯੋਗਸ਼ਾਲਾਵਾਂ ਜਾਂ ਏਜੰਸੀਆਂ ਤੋਂ ਜਾਂਚ ਸਰਟੀਫਿਕੇਟ ਲੈਣੇ ਹੋਣਗੇ। ਇਹ ਸਰਟੀਫਿਕੇਟ ਡੀਲਰਾਂ ਅਤੇ ਰਿਟੇਲਰਾਂ ਨੂੰ ਵੀ ਉਪਲਬਧ ਕਰਵਾਉਣੇ ਪੈਣਗੇ ਤਾਂ ਜੋ ਲੋੜ ਪੈਣ 'ਤੇ ਰੈਗੂਲੇਟਰੀ ਅਧਿਕਾਰੀ ਇਨ੍ਹਾਂ ਦੀ ਜਾਂਚ ਕਰ ਸਕਣ।ਬੋਰਡ ਦੀ ਚੇਅਰਪਰਸਨ ਰੀਨਾ ਗੁਪਤਾ ਨੇ ਕਿਹਾ ਕਿ ਲੈੱਡ ਦਾ ਸੰਪਰਕ ਜਨਤਕ ਸਿਹਤ ਲਈ ਗੰਭੀਰ ਖ਼ਤਰਾ ਹੈ, ਖਾਸ ਕਰਕੇ ਬੱਚਿਆਂ ਲਈ। ਉਨ੍ਹਾਂ ਕਿਹਾ ਕਿ ਲੈੱਡ ਦੀ ਘੱਟ ਮਾਤਰਾ ਵੀ ਬੱਚਿਆਂ ਦੇ ਦਿਮਾਗੀ ਵਿਕਾਸ, ਸਿੱਖਣ ਦੀ ਸਮਰੱਥਾ ਅਤੇ ਸਮੁੱਚੀ ਸਿਹਤ 'ਤੇ ਮਾੜਾ ਪ੍ਰਭਾਵ ਪਾ ਸਕਦੀ ਹੈ।ਉਨ੍ਹਾਂ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਵੱਲੋਂ ਵੀ ਲੈੱਡ ਨੂੰ ਜਨਤਕ ਸਿਹਤ ਲਈ ਵੱਡੀ ਚਿੰਤਾ ਵਾਲੇ ਰਸਾਇਣਾਂ ਵਿੱਚ ਸ਼ਾਮਲ ਕੀਤਾ ਗਿਆ ਹੈ। ਬੱਚੇ ਲੈੱਡ ਨੂੰ ਵੱਡਿਆਂ ਨਾਲੋਂ ਵੱਧ ਮਾਤਰਾ ਵਿੱਚ ਸੋਖਦੇ ਹਨ, ਜਿਸ ਕਾਰਨ ਇਸਦੇ ਪ੍ਰਭਾਵ ਹੋਰ ਵੀ ਗੰਭੀਰ ਹੋ ਸਕਦੇ ਹਨ।ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਕਿਹਾ ਕਿ ਇਨ੍ਹਾਂ ਨਵੇਂ ਨਿਰਦੇਸ਼ਾਂ ਦਾ ਮਕਸਦ ਸੁਰੱਖਿਅਤ ਨਿਰਮਾਣ ਪ੍ਰਥਾਵਾਂ ਨੂੰ ਉਤਸ਼ਾਹਿਤ ਕਰਨਾ, ਨਿਯਮਾਂ ਦੀ ਸਖ਼ਤ ਪਾਲਣਾ ਯਕੀਨੀ ਬਣਾਉਣਾ ਅਤੇ ਪੰਜਾਬ ਵਿੱਚ ਲੈੱਡ-ਮੁਕਤ ਪੇਂਟਾਂ ਦੀ ਵਰਤੋਂ ਨੂੰ ਵਧਾਵਾ ਦੇਣਾ ਹੈ। ਬੋਰਡ ਨੇ ਕਿਹਾ ਕਿ ਇਹ ਕਦਮ ਲੋਕਾਂ ਦੀ ਸਿਹਤ, ਖਾਸ ਕਰਕੇ ਬੱਚਿਆਂ ਦੀ ਸੁਰੱਖਿਆ ਵੱਲ ਇੱਕ ਮਹੱਤਵਪੂਰਨ ਪਹਿਲ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH