
ਚੰਡੀਗੜ੍ਹ, 01 ਅਗਸਤ (ਹਿੰ.ਸ.)| ਪੰਜਾਬ ਦੇ ਵਿੱਤ, ਆਬਕਾਰੀ ਅਤੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਦਾਅਵਾ ਕੀਤਾ ਹੈ ਕਿ ਸੂਬੇ ਨੇ ਮੌਜੂਦਾ ਵਿੱਤੀ ਸਾਲ ਦੇ ਪਹਿਲੇ ਚਾਰ ਮਹੀਨਿਆਂ ਦੌਰਾਨ ਜੀਐੱਸਟੀ ਮਾਲੀਆ ਇਕੱਠਾ ਕਰਨ ਵਿੱਚ 20 ਫੀਸਦੀ ਦਾ ਵਾਧਾ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਅਪ੍ਰੈਲ ਤੋਂ ਜੁਲਾਈ 2026 ਤੱਕ ਪੰਜਾਬ ਨੇ ਕੁੱਲ 10,447.9 ਕਰੋੜ ਰੁਪਏ ਦਾ ਜੀਐੱਸਟੀ ਮਾਲੀਆ ਇਕੱਠਾ ਕੀਤਾ ਹੈ, ਜਦਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ ਇਹ ਅੰਕੜਾ 8,708.48 ਕਰੋੜ ਰੁਪਏ ਸੀ।ਚੀਮਾ ਨੇ ਕਿਹਾ ਕਿ ਇਹ ਵਾਧਾ ਬਿਹਤਰ ਟੈਕਸ ਪਾਲਣਾ, ਤਕਨਾਲੋਜੀ ਅਧਾਰਿਤ ਪ੍ਰਸ਼ਾਸਨ, ਖੁਫੀਆ ਜਾਣਕਾਰੀ ਅਧਾਰਿਤ ਕਾਰਵਾਈਆਂ ਅਤੇ ਟੈਕਸ ਚੋਰੀ ਖ਼ਿਲਾਫ਼ ਸਖ਼ਤ ਕਦਮਾਂ ਦਾ ਨਤੀਜਾ ਹੈ। ਉਨ੍ਹਾਂ ਦੱਸਿਆ ਕਿ ਕੇਵਲ ਜੁਲਾਈ 2026 ਵਿੱਚ ਹੀ ਸੂਬੇ ਨੇ 2,614.45 ਕਰੋੜ ਰੁਪਏ ਦਾ ਕੁੱਲ ਜੀਐੱਸਟੀ ਮਾਲੀਆ ਦਰਜ ਕੀਤਾ, ਜੋ ਜੁਲਾਈ 2025 ਦੇ 2,413.91 ਕਰੋੜ ਰੁਪਏ ਦੇ ਮੁਕਾਬਲੇ 8.31 ਫੀਸਦੀ ਵੱਧ ਹੈ।ਵਿੱਤ ਮੰਤਰੀ ਨੇ ਕਿਹਾ ਕਿ ਜੁਲਾਈ ਮਹੀਨੇ ਦੌਰਾਨ ਐੱਸਜੀਐੱਸਟੀ ਕੈਸ਼ ਸੰਗ੍ਰਹਿ ਵਿੱਚ ਵੀ 16.23 ਫੀਸਦੀ ਦਾ ਵਾਧਾ ਹੋਇਆ ਹੈ। ਜੁਲਾਈ 2025 ਵਿੱਚ ਇਹ ਰਕਮ 815.84 ਕਰੋੜ ਰੁਪਏ ਸੀ, ਜੋ ਵਧ ਕੇ ਜੁਲਾਈ 2026 ਵਿੱਚ 948.29 ਕਰੋੜ ਰੁਪਏ ਹੋ ਗਈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਇਮਾਨਦਾਰ ਕਰਦਾਤਿਆਂ ਨੂੰ ਸਹੂਲਤ ਦੇਣ ਲਈ ਜੁਲਾਈ ਮਹੀਨੇ ਵਿੱਚ 200 ਕਰੋੜ ਰੁਪਏ ਤੋਂ ਵੱਧ ਦੇ ਜੀਐੱਸਟੀ ਰਿਫੰਡ ਜਾਰੀ ਕੀਤੇ ਗਏ ਹਨ। ਇਸ ਦੇ ਨਾਲ ਹੀ ਟੈਕਸ ਚੋਰੀ ਅਤੇ ਫਰਜ਼ੀ ਬਿਲਿੰਗ ਨੈੱਟਵਰਕਾਂ ਖ਼ਿਲਾਫ਼ ਕਾਰਵਾਈ ਕਰਦਿਆਂ 200 ਕਰੋੜ ਰੁਪਏ ਤੋਂ ਵੱਧ ਦੇ ਜੁਰਮਾਨੇ ਲਗਾਏ ਗਏ ਹਨ।ਚੀਮਾ ਨੇ ਦੱਸਿਆ ਕਿ ਜਲੰਧਰ ਵਿੱਚ ਲਗਭਗ 55.35 ਕਰੋੜ ਰੁਪਏ ਦੇ ਬੋਗਸ ਬਿਲਿੰਗ ਮਾਮਲੇ ਵਿੱਚ ਐੱਫਆਈਆਰ ਦਰਜ ਕਰਕੇ ਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਫਰਜ਼ੀ ਜੀਐੱਸਟੀ ਰਜਿਸਟ੍ਰੇਸ਼ਨਾਂ ਖ਼ਿਲਾਫ਼ ਮੁਹਿੰਮ ਦੌਰਾਨ 100 ਤੋਂ ਵੱਧ ਰਜਿਸਟ੍ਰੇਸ਼ਨਾਂ ਰੱਦ ਕੀਤੀਆਂ ਗਈਆਂ ਹਨ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਨੀਤੀ ਇਮਾਨਦਾਰ ਕਰਦਾਤਿਆਂ ਨੂੰ ਸਹੂਲਤ ਦੇਣ ਅਤੇ ਟੈਕਸ ਧੋਖਾਧੜੀ ਕਰਨ ਵਾਲਿਆਂ ਖ਼ਿਲਾਫ਼ ਜ਼ੀਰੋ ਟੋਲਰੈਂਸ ਦੀ ਹੈ। ਵਿਭਾਗ ਵੱਲੋਂ ਡਿਜੀਟਲ ਪ੍ਰਣਾਲੀ ਅਤੇ ਆਧੁਨਿਕ ਤਕਨੀਕ ਦੀ ਮਦਦ ਨਾਲ ਮਾਲੀਆ ਵਧਾਉਣ ਦੀ ਮੁਹਿੰਮ ਲਗਾਤਾਰ ਜਾਰੀ ਰਹੇਗੀ।
ਹਿੰਦੂਸਥਾਨ ਸਮਾਚਾਰ / GURSHARAN SINGH