
ਲੁਧਿਆਣਾ, 13 ਅਗਸਤ (ਹਿੰ.ਸ.)| ਜਗਰਾਓਂ-ਰਾਏਕੋਟ ਰੋਡ ’ਤੇ ਪਿੰਡ ਬਸੀਆਂ ਨੇੜੇ ਵੀਰਵਾਰ ਤੜਕੇ ਇੱਕ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਛੱਪੜ ਵਿੱਚ ਜਾ ਡਿੱਗੀ। ਇਸ ਹਾਦਸੇ ਵਿੱਚ ਤਿੰਨ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਮੌਤ ਹੋ ਗਈ, ਜਦਕਿ ਕਾਰ ਵਿੱਚ ਸਵਾਰ ਦੋ ਹੋਰ ਵਿਅਕਤੀ ਵਾਲ-ਵਾਲ ਬਚ ਗਏ। ਮ੍ਰਿਤਕਾਂ ਦੀ ਪਛਾਣ ਆਮ ਆਦਮੀ ਪਾਰਟੀ ਨਾਲ ਜੁੜੇ ਬਲਕਾਰ ਸਿੰਘ, ਵਿਸ਼ਾਲ ਅਤੇ ਸੰਦੀਪ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਪੰਜੇ ਵਿਅਕਤੀ ਨਕੋਦਰ ਤੋਂ ਕਾਰ ਵਿੱਚ ਸਵਾਰ ਹੋ ਕੇ ਦਿੜ੍ਹਬਾ ਵੱਲ ਵਾਪਸ ਜਾ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਕਰੀਬੀ ਸਨ।
ਹਾਦਸਾ ਜਗਰਾਓਂ ਤੋਂ ਕਰੀਬ 12 ਕਿਲੋਮੀਟਰ ਦੂਰ ਰਾਏਕੋਟ ਨੇੜੇ ਪੈਂਦੇ ਕਸਬਾ ਬਸੀਆਂ ਦੇ ਛੱਪੜ ਵਿੱਚ ਵਾਪਰਿਆ। ਮੁੱਢਲੀ ਜਾਣਕਾਰੀ ਮੁਤਾਬਕ ਤੇਜ਼ ਰਫ਼ਤਾਰ ਕਾਰ ਅਚਾਨਕ ਬੇਕਾਬੂ ਹੋ ਗਈ ਅਤੇ ਸੜਕ ਤੋਂ ਹੇਠਾਂ ਜਾ ਕੇ ਛੱਪੜ ਵਿੱਚ ਡਿੱਗ ਪਈ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਰਾਹਤ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਬਚਾਅ ਕਾਰਜ ਚਲਾ ਕੇ ਕਾਰ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਛੱਪੜ ਵਿੱਚੋਂ ਬਾਹਰ ਕੱਢਿਆ ਗਿਆ। ਪੁਲਿਸ ਨੇ ਲਾਸ਼ਾਂ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹਾਦਸਾ ਕਿਸ ਕਾਰਨ ਵਾਪਰਿਆ ਅਤੇ ਕਾਰ ਦੀ ਰਫ਼ਤਾਰ ਕਿੰਨੀ ਸੀ, ਇਸ ਸਬੰਧੀ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ। ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਮੌਕੇ ਤੋਂ ਸਬੂਤ ਇਕੱਠੇ ਕੀਤੇ ਜਾ ਰਹੇ ਹਨ।
ਹਿੰਦੂਸਥਾਨ ਸਮਾਚਾਰ / GURSHARAN SINGH