
ਚੰਡੀਗੜ੍ਹ, 18 ਅਗਸਤ (ਹਿੰ.ਸ.)| ਕੈਨੇਡਾ ਦੇ ਐਡਮੰਟਨ ਵਿੱਚ ਪੰਜਾਬੀ ਮੂਲ ਦੀ 16 ਸਾਲਾ ਲੜਕੀ ਦੀ ਸ਼ੱਕੀ ਹਾਲਾਤਾਂ ਵਿੱਚ ਗੋਲੀ ਲੱਗਣ ਕਾਰਨ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪਹੁੰਚੀ, ਜਿੱਥੇ ਲੜਕੀ ਗੰਭੀਰ ਜ਼ਖ਼ਮੀ ਹਾਲਤ ਵਿੱਚ ਮਿਲੀ। ਪੁਲਿਸ ਅਧਿਕਾਰੀਆਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਉਸ ਦੀ ਮੌਤ ਹੋ ਗਈ। ਮਾਮਲੇ ਦੀ ਜਾਂਚ ਐਡਮੰਟਨ ਪੁਲਿਸ ਸਰਵਿਸ ਦੇ ਹੋਮੀਸਾਈਡ ਸੈਕਸ਼ਨ ਵੱਲੋਂ ਕੀਤੀ ਜਾ ਰਹੀ ਹੈ।ਜਾਣਕਾਰੀ ਅਨੁਸਾਰ ਐਡਮੰਟਨ ਪੁਲਿਸ ਨੂੰ 139 ਐਵੇਨਿਊ ਅਤੇ 32 ਸਟ੍ਰੀਟ ਨੇੜੇ ਗੋਲੀਬਾਰੀ ਹੋਣ ਦੀ ਸੂਚਨਾ ਮਿਲੀ ਸੀ। ਪੁਲਿਸ ਟੀਮ ਤੁਰੰਤ ਮੌਕੇ ’ਤੇ ਪਹੁੰਚੀ ਅਤੇ ਲੜਕੀ ਨੂੰ ਗੰਭੀਰ ਹਾਲਤ ਵਿੱਚ ਪਾਇਆ। ਮੁੱਢਲੇ ਯਤਨਾਂ ਦੇ ਬਾਵਜੂਦ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ। ਪੁਲਿਸ ਨੇ ਹਾਲੇ ਤੱਕ ਅਧਿਕਾਰਤ ਤੌਰ ’ਤੇ ਮ੍ਰਿਤਕ ਲੜਕੀ ਦਾ ਨਾਮ ਜਾਰੀ ਨਹੀਂ ਕੀਤਾ ਹੈ। ਹਾਲਾਂਕਿ, ਉਸ ਦੇ ਚਚੇਰੇ ਅਤੇ ਮਾਮੇ-ਫੁੱਫੜ ਦੇ ਭੈਣ-ਭਰਾਵਾਂ ਵੱਲੋਂ ਉਸ ਦੀ ਪਛਾਣ 16 ਸਾਲਾ ਜੈਜ਼ਮਿਨ ਵਜੋਂ ਕੀਤੀ ਗਈ ਹੈ। ਪਰਿਵਾਰ ਨੇ ਦੱਸਿਆ ਕਿ ਜੈਜ਼ਮਿਨ ਹੱਸਮੁੱਖ ਸੁਭਾਅ ਦੀ ਅਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੀ ਇੱਛਾ ਰੱਖਣ ਵਾਲੀ ਲੜਕੀ ਸੀ। ਉਹ ਆਪਣੇ ਦੋਸਤਾਂ ਵਿੱਚ ਵੀ ਕਾਫ਼ੀ ਹਰਮਨਪਿਆਰੀ ਸੀ ਅਤੇ ਆਪਣੇ ਛੋਟੇ ਭੈਣ-ਭਰਾਵਾਂ ਦੇ ਬਹੁਤ ਕਰੀਬ ਸੀ।ਪਰਿਵਾਰ ਵੱਲੋਂ ਜੈਜ਼ਮਿਨ ਦੀ ਮਾਂ ਅਤੇ ਉਸ ਦੇ ਦੋ ਛੋਟੇ ਭੈਣ-ਭਰਾਵਾਂ ਦੀ ਆਰਥਿਕ ਮਦਦ ਲਈ ਆਨਲਾਈਨ ਫੰਡਰੇਜ਼ਰ ਮੁਹਿੰਮ ਸ਼ੁਰੂ ਕੀਤੀ ਗਈ ਹੈ। ਪਰਿਵਾਰ ਨੇ ਲੋਕਾਂ ਨੂੰ ਇਸ ਮੁਸ਼ਕਲ ਘੜੀ ਵਿੱਚ ਸਹਿਯੋਗ ਦੇਣ ਅਤੇ ਫੰਡਰੇਜ਼ਰ ਨੂੰ ਵੱਧ ਤੋਂ ਵੱਧ ਸਾਂਝਾ ਕਰਨ ਦੀ ਅਪੀਲ ਕੀਤੀ ਹੈ। ਐਡਮੰਟਨ ਪੁਲਿਸ ਨੇ ਫਿਲਹਾਲ ਕਿਸੇ ਸ਼ੱਕੀ ਵਿਅਕਤੀ ਦੀ ਗ੍ਰਿਫ਼ਤਾਰੀ ਜਾਂ ਪਛਾਣ ਬਾਰੇ ਜਾਣਕਾਰੀ ਸਾਂਝੀ ਨਹੀਂ ਕੀਤੀ। ਗੋਲੀਬਾਰੀ ਦੇ ਕਾਰਨਾਂ ਦਾ ਵੀ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਮਾਮਲੇ ਦੇ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਪੁਲਿਸ ਮੁਤਾਬਕ ਚੀਫ ਮੈਡੀਕਲ ਐਗਜ਼ਾਮਿਨਰ ਦੇ ਦਫ਼ਤਰ ਵੱਲੋਂ ਕੀਤੀ ਜਾਣ ਵਾਲੀ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਮੌਤ ਦੇ ਸਹੀ ਕਾਰਨਾਂ ਅਤੇ ਹਾਲਾਤਾਂ ਦੀ ਪੁਸ਼ਟੀ ਹੋਵੇਗੀ। ਇਸ ਤੋਂ ਬਾਅਦ ਹੀ ਮਾਮਲੇ ਨੂੰ ਅਧਿਕਾਰਤ ਤੌਰ ’ਤੇ ਕਤਲ ਵਜੋਂ ਵਰਗੀਕ੍ਰਿਤ ਕੀਤਾ ਜਾਵੇਗਾ।
ਹਿੰਦੂਸਥਾਨ ਸਮਾਚਾਰ / GURSHARAN SINGH