
ਪਟਿਆਲਾ, 18 ਅਗਸਤ (ਹਿੰ.ਸ.)| ਭਾਸ਼ਾ ਵਿਭਾਗ ਪੰਜਾਬ ਵੱਲੋਂ ਮਰਹੂਮ ਸ਼ਾਇਰ ਅਤੇ ਪਦਮ ਸ੍ਰੀ ਸੁਰਜੀਤ ਪਾਤਰ ਦੀ ਯਾਦ ਵਿੱਚ ਸਥਾਪਤ ਕੀਤੇ ਗਏ ਸੁਰਜੀਤ ਪਾਤਰ ਵਿਦਿਆਰਥੀ ਪੁਰਸਕਾਰ ਦਾ ਪਹਿਲੀ ਵਾਰ ਐਲਾਨ ਕੀਤਾ ਗਿਆ ਹੈ। ਇਸ ਪੁਰਸਕਾਰ ਲਈ ਲੁਧਿਆਣਾ ਜ਼ਿਲ੍ਹੇ ਦੇ ਘੁਢਾਣੀ ਕਲਾਂ ਨਾਲ ਸਬੰਧਤ ਸਕੂਲੀ ਵਿਦਿਆਰਥੀ ਅਤੇ ਲੇਖਕ ਸੁਰਖ਼ਾਬ ਦੀ ਕਾਵਿ ਪੁਸਤਕ ‘ਵੈਤਰਨੀ’ ਨੂੰ ਸਰਵੋਤਮ ਚੁਣਿਆ ਗਿਆ ਹੈ।ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਮਰਹੂਮ ਸ਼ਾਇਰ ਸੁਰਜੀਤ ਪਾਤਰ ਦੀ ਯਾਦ ਨੂੰ ਸਮਰਪਿਤ ਇਹ ਪੁਰਸਕਾਰ ਸਥਾਪਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਰਸਕਾਰ ਲਈ ਵਿਦਿਆਰਥੀ ਲੇਖਕਾਂ ਤੋਂ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਨਾਲ ਸਬੰਧਤ ਪੁਸਤਕਾਂ ਮੰਗੀਆਂ ਗਈਆਂ ਸਨ। ਹਾਲਾਂਕਿ ਇਸ ਵਾਰ ਵਿਭਾਗ ਕੋਲ ਪ੍ਰਾਪਤ ਸਾਰੀਆਂ ਪੁਸਤਕਾਂ ਕਵਿਤਾ ਨਾਲ ਸਬੰਧਤ ਸਨ।ਜਸਵੰਤ ਸਿੰਘ ਜ਼ਫ਼ਰ ਨੇ ਦੱਸਿਆ ਕਿ ਪ੍ਰਾਪਤ ਪੁਸਤਕਾਂ ਦਾ ਵਿਭਾਗ ਵੱਲੋਂ ਨਾਮਜ਼ਦ ਤਿੰਨ ਮੁਲਾਂਕਣਕਾਰਾਂ ਨੇ ਮੁਲਾਂਕਣ ਕੀਤਾ। ਮੁਲਾਂਕਣ ਤੋਂ ਬਾਅਦ ਸੁਰਖ਼ਾਬ ਦੀ ਕਾਵਿ ਪੁਸਤਕ ‘ਵੈਤਰਨੀ’ ਨੂੰ ਸਰਵੋਤਮ ਕਰਾਰ ਦਿੰਦਿਆਂ ਪਹਿਲੇ ਸੁਰਜੀਤ ਪਾਤਰ ਵਿਦਿਆਰਥੀ ਪੁਰਸਕਾਰ ਲਈ ਚੁਣਿਆ ਗਿਆ।ਉਨ੍ਹਾਂ ਦੱਸਿਆ ਕਿ ਇਹ ਪੁਰਸਕਾਰ ਪੰਜਾਬੀ ਮਾਹ ਦੇ ਨਵੰਬਰ ਮਹੀਨੇ ਹੋਣ ਵਾਲੇ ਉਦਘਾਟਨੀ ਸਮਾਗਮ ਦੌਰਾਨ ਸੁਰਖ਼ਾਬ ਨੂੰ ਪ੍ਰਦਾਨ ਕੀਤਾ ਜਾਵੇਗਾ। ਪੁਰਸਕਾਰ ਵਿੱਚ ਇੱਕ ਲੱਖ ਰੁਪਏ ਦੀ ਨਕਦ ਰਾਸ਼ੀ, ਵਿਭਾਗੀ ਦੋਸ਼ਾਲਾ ਅਤੇ ਪਲੇਕ ਸ਼ਾਮਲ ਹੋਵੇਗੀ।ਡਾਇਰੈਕਟਰ ਭਾਸ਼ਾਵਾਂ ਨੇ ਕਿਹਾ ਕਿ ਇਸ ਪੁਰਸਕਾਰ ਦਾ ਉਦੇਸ਼ ਨਵੀਂ ਪੀੜ੍ਹੀ ਨੂੰ ਪੰਜਾਬੀ ਸਾਹਿਤ ਨਾਲ ਜੋੜਨਾ ਅਤੇ ਵਿਦਿਆਰਥੀ ਲੇਖਕਾਂ ਨੂੰ ਸਾਹਿਤਕ ਸਿਰਜਣਾ ਲਈ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ‘ਵੈਤਰਨੀ’ ਦੇ ਲੇਖਕ ਸੁਰਖ਼ਾਬ ਦੀ ਸਿਰਜਣਾਤਮਕ ਮਿਹਨਤ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਨੌਜਵਾਨ ਪੀੜ੍ਹੀ ਸਾਹਿਤ ਸਿਰਜਣਾ ਪ੍ਰਤੀ ਕਿੰਨੀ ਸੁਚੇਤ ਹੈ।ਉਨ੍ਹਾਂ ਸੁਰਖ਼ਾਬ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੰਦਿਆਂ ਉਸ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵੀ ਮੁਬਾਰਕਬਾਦ ਦਿੱਤੀ।
ਹਿੰਦੂਸਥਾਨ ਸਮਾਚਾਰ / GURSHARAN SINGH