

ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਦਰਜ ਹਨ 6 ਗੰਭੀਰ ਅਪਰਾਧਿਕ ਮਾਮਲੇ, ਪੁਲਿਸ ਰਿਮਾਂਡ ਦੌਰਾਨ ਦੂਜਾ ਪਿਸਤੌਲ ਤੇ 3 ਕਾਰਤੂਸ ਬਰਾਮਦਜਲੰਧਰ, 19 ਅਗਸਤ (ਹਿੰ.ਸ.)| ਜਲੰਧਰ ਦੇ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਨਸ਼ਾ ਤਸਕਰਾਂ ਅਤੇ ਨਾਜਾਇਜ਼ ਹਥਿਆਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ 60 ਗ੍ਰਾਮ ਹੈਰੋਇਨ, 2500 ਰੁਪਏ ਦੀ ਡਰੱਗ ਮਨੀ, ਦੋ ਨਾਜਾਇਜ਼ ਦੇਸੀ ਪਿਸਤੌਲ ਅਤੇ 3 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਨਸ਼ਾ ਤਸਕਰੀ, ਲੁੱਟ-ਖੋਹ ਅਤੇ ਕੁੱਟਮਾਰ ਸਮੇਤ 6 ਗੰਭੀਰ ਮਾਮਲੇ ਦਰਜ ਹਨ।ਇਹ ਕਾਰਵਾਈ ਪੁਲਿਸ ਕਮਿਸ਼ਨਰ ਜਲੰਧਰ ਸਤਿੰਦਰ ਸਿੰਘ ਆਈ.ਪੀ.ਐੱਸ. ਦੇ ਨਿਰਦੇਸ਼ਾਂ ’ਤੇ ਕੀਤੀ ਗਈ। ਏ.ਡੀ.ਸੀ.ਪੀ. ਸਿਟੀ-2 ਮਾਧਵੀ ਸ਼ਰਮਾ ਅਤੇ ਏ.ਸੀ.ਪੀ. ਮਾਡਲ ਟਾਊਨ ਮਨਮੋਹਨ ਸਿੰਘ ਪੀ.ਪੀ.ਐੱਸ. ਦੀ ਨਿਗਰਾਨੀ ਹੇਠ ਥਾਣਾ ਡਿਵੀਜ਼ਨ ਨੰਬਰ 7 ਦੇ ਇੰਚਾਰਜ ਇੰਸਪੈਕਟਰ ਰਵਿੰਦਰ ਕੁਮਾਰ ਦੀ ਟੀਮ ਨੂੰ ਇਹ ਸਫਲਤਾ ਮਿਲੀ। ਪੁਲਿਸ ਮੁਤਾਬਕ ਏ.ਐੱਸ.ਆਈ. ਸਤਿੰਦਰ ਕੁਮਾਰ ਦੀ ਅਗਵਾਈ ਹੇਠ ਪੁਲਿਸ ਪਾਰਟੀ ਜਮਸ਼ੇਰ ਰੋਡ ਇਲਾਕੇ ਵਿੱਚ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਤੇ ਵਾਹਨਾਂ ਦੀ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਜਮਸ਼ੇਰ ਰੋਡ ਵੱਲੋਂ ਪੈਦਲ ਆ ਰਿਹਾ ਇੱਕ ਨੌਜਵਾਨ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਅਤੇ ਭੱਜਣ ਦੀ ਕੋਸ਼ਿਸ਼ ਕਰਨ ਲੱਗਾ। ਪੁਲਿਸ ਨੇ ਘੇਰਾਬੰਦੀ ਕਰਕੇ ਉਸ ਨੂੰ ਕਾਬੂ ਕਰ ਲਿਆ।ਮੁਲਜ਼ਮ ਦੀ ਪਛਾਣ ਰਾਜਾ ਵਾਸੀ ਵੇਹੜਾ ਸੋਹਲ ਖਾਨ, ਸੁਦਾਮਾ ਵਿਹਾਰ, ਜਲੰਧਰ ਵਜੋਂ ਹੋਈ ਹੈ। ਤਲਾਸ਼ੀ ਦੌਰਾਨ ਉਸ ਕੋਲੋਂ 60 ਗ੍ਰਾਮ ਹੈਰੋਇਨ, 2500 ਰੁਪਏ ਦੀ ਡਰੱਗ ਮਨੀ ਅਤੇ .315 ਬੋਰ ਦਾ ਦੇਸੀ ਪਿਸਤੌਲ ਬਰਾਮਦ ਹੋਇਆ। ਇਸ ਸਬੰਧੀ ਥਾਣਾ ਡਿਵੀਜ਼ਨ ਨੰਬਰ 7 ਵਿੱਚ ਮਾਮਲਾ ਦਰਜ ਕੀਤਾ ਗਿਆ। ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ।ਰਿਮਾਂਡ ਦੌਰਾਨ ਪੁੱਛਗਿੱਛ ਵਿੱਚ ਮੁਲਜ਼ਮ ਨੇ ਖੁਲਾਸਾ ਕੀਤਾ ਕਿ ਉਸ ਨੇ ਇੱਕ ਹੋਰ .32 ਬੋਰ ਦਾ ਦੇਸੀ ਪਿਸਤੌਲ ਆਰਮੀ ਐਨਕਲੇਵ, ਪਿੰਡ ਸੁਭਾਨਪੁਰ ਨੇੜੇ ਲੁਕਾ ਕੇ ਰੱਖਿਆ ਹੋਇਆ ਹੈ। ਪੁਲਿਸ ਨੇ ਉਸ ਦੀ ਨਿਸ਼ਾਨਦੇਹੀ ’ਤੇ ਦੂਜਾ ਪਿਸਤੌਲ ਅਤੇ 3 ਜ਼ਿੰਦਾ ਕਾਰਤੂਸ ਵੀ ਬਰਾਮਦ ਕਰ ਲਏ। ਪੁਲਿਸ ਹੁਣ ਇਹ ਪਤਾ ਲਗਾਉਣ ਵਿੱਚ ਜੁਟੀ ਹੋਈ ਹੈ ਕਿ ਮੁਲਜ਼ਮ ਨੂੰ ਨਸ਼ੇ ਦੀ ਖੇਪ ਕਿੱਥੋਂ ਮਿਲੀ ਅਤੇ ਨਾਜਾਇਜ਼ ਹਥਿਆਰਾਂ ਦੀ ਸਪਲਾਈ ਕਿੱਥੋਂ ਹੋਈ। ਪੁਲਿਸ ਵੱਲੋਂ ਇਸ ਨੈੱਟਵਰਕ ਨਾਲ ਜੁੜੇ ਹੋਰ ਵਿਅਕਤੀਆਂ ਦੀ ਭਾਲ ਵੀ ਕੀਤੀ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH