
ਫਰੀਦਕੋਟ, 19 ਅਗਸਤ (ਹਿੰ.ਸ.)| ਜ਼ਿਲ੍ਹਾ ਮੈਜਿਸਟ੍ਰੇਟ ਫਰੀਦਕੋਟ ਰਾਹੁਲ ਚਾਬਾ, ਆਈ.ਏ.ਐੱਸ. ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ-2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹੇ ਵਿੱਚ ਖੂਹ, ਬੋਰਵੈਲ ਅਤੇ ਟਿਊਬਵੈੱਲ ਦੀ ਖੁਦਾਈ ਤੇ ਮੁਰੰਮਤ ਸਬੰਧੀ ਸੁਰੱਖਿਆ ਹਦਾਇਤਾਂ ਜਾਰੀ ਕੀਤੀਆਂ ਹਨ। ਇਹ ਹੁਕਮ 3 ਅਕਤੂਬਰ 2026 ਤੱਕ ਲਾਗੂ ਰਹਿਣਗੇ।ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਖੁੱਲ੍ਹੇ ਖੂਹਾਂ ਅਤੇ ਬੋਰਵੈਲਾਂ ਵਿੱਚ ਬੱਚਿਆਂ ਜਾਂ ਹੋਰ ਲੋਕਾਂ ਦੇ ਡਿੱਗਣ ਕਾਰਨ ਹੋਣ ਵਾਲੇ ਹਾਦਸਿਆਂ ਨੂੰ ਰੋਕਣ ਲਈ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਹੁਕਮਾਂ ਅਨੁਸਾਰ ਜ਼ਿਲ੍ਹੇ ਦੀ ਹੱਦ ਅੰਦਰ ਕੋਈ ਵੀ ਜ਼ਮੀਨ ਮਾਲਕ ਖੂਹ ਜਾਂ ਬੋਰਵੈਲ ਪੁੱਟਣ ਤੋਂ ਘੱਟੋ-ਘੱਟ 15 ਦਿਨ ਪਹਿਲਾਂ ਜ਼ਿਲ੍ਹਾ ਕੁਲੈਕਟਰ, ਸਬੰਧਤ ਗ੍ਰਾਮ ਪੰਚਾਇਤ ਦੇ ਸਰਪੰਚ, ਨਗਰ ਕੌਂਸਲ, ਜਨ ਸਿਹਤ ਵਿਭਾਗ ਅਤੇ ਭੂਮੀ ਰੱਖਿਆ ਵਿਭਾਗ ਨੂੰ ਸੂਚਿਤ ਕਰੇਗਾ।ਖੂਹ ਜਾਂ ਬੋਰਵੈਲ ਪੁੱਟਣ ਅਤੇ ਮੁਰੰਮਤ ਕਰਨ ਵਾਲੀਆਂ ਸਾਰੀਆਂ ਸਰਕਾਰੀ, ਅਰਧ-ਸਰਕਾਰੀ ਅਤੇ ਨਿੱਜੀ ਏਜੰਸੀਆਂ ਦੀ ਰਜਿਸਟ੍ਰੇਸ਼ਨ ਲਾਜ਼ਮੀ ਕੀਤੀ ਗਈ ਹੈ। ਕੰਮ ਵਾਲੀ ਥਾਂ ’ਤੇ ਡਰਿਲਿੰਗ ਏਜੰਸੀ ਅਤੇ ਮਾਲਕ ਦੇ ਪੂਰੇ ਪਤੇ ਵਾਲਾ ਸਾਈਨ ਬੋਰਡ ਲਗਾਉਣਾ ਹੋਵੇਗਾ, ਜਿਸ ’ਤੇ ਏਜੰਸੀ ਦਾ ਰਜਿਸਟ੍ਰੇਸ਼ਨ ਨੰਬਰ ਵੀ ਦਰਜ ਹੋਵੇਗਾ।ਬੋਰਵੈਲ ਦੇ ਆਲੇ-ਦੁਆਲੇ ਕੰਡਿਆਲੀ ਤਾਰ ਲਗਾਉਣ ਅਤੇ ਸਟੀਲ ਪਲੇਟ ਦੇ ਢੱਕਣ ਨਾਲ ਨਟ-ਬੋਲਟ ਰਾਹੀਂ ਇਸ ਨੂੰ ਸੁਰੱਖਿਅਤ ਤਰੀਕੇ ਨਾਲ ਬੰਦ ਕਰਨਾ ਲਾਜ਼ਮੀ ਹੋਵੇਗਾ। ਖੂਹ ਜਾਂ ਬੋਰਵੈਲ ਦੇ ਆਲੇ-ਦੁਆਲੇ ਨਿਰਧਾਰਤ ਮਾਪਦੰਡਾਂ ਅਨੁਸਾਰ ਸੀਮੈਂਟ ਜਾਂ ਕੰਕਰੀਟ ਦਾ ਪਲੇਟਫਾਰਮ ਵੀ ਬਣਾਉਣਾ ਹੋਵੇਗਾ।ਹੁਕਮਾਂ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਖੂਹ ਜਾਂ ਬੋਰਵੈਲ ਨੂੰ ਕਿਸੇ ਵੀ ਹਾਲਤ ਵਿੱਚ ਖੁੱਲ੍ਹਾ ਨਹੀਂ ਛੱਡਿਆ ਜਾਵੇਗਾ। ਖੁਦਾਈ ਜਾਂ ਮੁਰੰਮਤ ਤੋਂ ਬਾਅਦ ਬਚੀ ਖਾਲੀ ਥਾਂ ਨੂੰ ਮਿੱਟੀ ਨਾਲ ਭਰ ਕੇ ਜ਼ਮੀਨੀ ਪੱਧਰ ਪਹਿਲਾਂ ਵਰਗਾ ਕੀਤਾ ਜਾਵੇ। ਨਕਾਰਾ ਪਏ ਬੋਰਵੈਲ ਜਾਂ ਖੂਹ ਨੂੰ ਚੀਕਣੀ ਮਿੱਟੀ, ਪੱਥਰ ਜਾਂ ਕੰਕਰੀਟ ਨਾਲ ਤਲ ਤੋਂ ਉੱਪਰ ਤੱਕ ਭਰ ਕੇ ਪੂਰੀ ਤਰ੍ਹਾਂ ਬੰਦ ਕਰਨਾ ਹੋਵੇਗਾ।ਇਸ ਤੋਂ ਇਲਾਵਾ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਲਿਖਤੀ ਪ੍ਰਵਾਨਗੀ ਅਤੇ ਨਿਗਰਾਨੀ ਤੋਂ ਬਿਨਾਂ ਖੂਹ ਜਾਂ ਬੋਰਵੈਲ ਦੀ ਖੁਦਾਈ ਜਾਂ ਮੁਰੰਮਤ ਨਹੀਂ ਕਰਵਾਈ ਜਾ ਸਕੇਗੀ। ਪੇਂਡੂ ਅਤੇ ਸ਼ਹਿਰੀ ਖੇਤਰਾਂ ਦੇ ਸਬੰਧਤ ਅਧਿਕਾਰੀਆਂ ਨੂੰ ਹਰ ਮਹੀਨੇ ਨਵੇਂ, ਮੁਰੰਮਤ ਕੀਤੇ, ਵਰਤੋਂ ਵਿੱਚ ਅਤੇ ਬੰਦ ਕੀਤੇ ਬੋਰਵੈਲਾਂ ਤੇ ਖੂਹਾਂ ਦੀ ਰਿਪੋਰਟ ਤਿਆਰ ਕਰਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੂੰ ਭੇਜਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।
ਹਿੰਦੂਸਥਾਨ ਸਮਾਚਾਰ / GURSHARAN SINGH