
ਚੰਡੀਗੜ੍ਹ, 02 ਅਗਸਤ (ਹਿੰ.ਸ.)| ਪੰਜਾਬ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਆਮ ਆਦਮੀ ਪਾਰਟੀ ਸਰਕਾਰ 'ਤੇ ਤਿੱਖਾ ਹਮਲਾ ਬੋਲਦਿਆਂ ਦੋਸ਼ ਲਾਇਆ ਹੈ ਕਿ ਸਰਕਾਰ ਨੇ ਸੂਬੇ ਦੀਆਂ ਮਾਵਾਂ ਅਤੇ ਭੈਣਾਂ ਨਾਲ ਸਰੇਆਮ ਧੋਖਾ ਕੀਤਾ ਹੈ। ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਇੱਕ ਪਾਸੇ 'ਆਪ' ਸਰਕਾਰ ਔਰਤਾਂ ਨੂੰ 'ਸਤਿਕਾਰ ਯੋਜਨਾ' ਦੇ ਨਾਂ 'ਤੇ ਗੁੰਮਰਾਹ ਕਰਨ ਦਾ ਡਰਾਮਾ ਕਰ ਰਹੀ ਹੈ, ਜਦਕਿ ਦੂਜੇ ਪਾਸੇ ਆਪਣੇ ਹੱਕ ਮੰਗ ਰਹੀਆਂ ਮਾਵਾਂ-ਭੈਣਾਂ 'ਤੇ ਪੁਲਿਸ ਵੱਲੋਂ ਬੇਰਹਿਮੀ ਨਾਲ ਡਾਂਗਾਂ ਵਰ੍ਹਾਈਆਂ ਜਾ ਰਹੀਆਂ ਹਨ।
ਸੂਬਾ ਪ੍ਰਧਾਨ ਢਿੱਲੋਂ ਨੇ ਕਿਹਾ ਕਿ ਖੰਨਾ ਵਿਖੇ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੀਆਂ ਮਨਰੇਗਾ ਮਹਿਲਾ ਵਰਕਰਾਂ 'ਤੇ ਲਾਠੀਚਾਰਜ ਕੀਤਾ ਗਿਆ। ਬਰਨਾਲਾ ਵਿੱਚ ਸਫ਼ਾਈ ਕਰਮਚਾਰੀ ਮਾਵਾਂ-ਭੈਣਾਂ ਦੇ ਸਿਰ ਪਾੜ ਦਿੱਤੇ ਗਏ ਅਤੇ ਲੱਤਾਂ-ਬਾਹਾਂ ਤੋੜ ਦਿੱਤੀਆਂ ਗਈਆਂ। ਸੰਗਰੂਰ ਵਿੱਚ ਵੀ ਔਰਤਾਂ ਨਾਲ ਕੁੱਟਮਾਰ ਕੀਤੀ ਗਈ। 'ਸਤਿਕਾਰ' ਦੇ ਦਾਅਵੇ ਕਰਨ ਵਾਲੀ ਸਰਕਾਰ ਦਾ ਅਸਲੀ ਚਿਹਰਾ ਸਾਹਮਣੇ ਆ ਚੁੱਕਾ ਹੈ।
ਉਹਨਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਗਾਰੰਟੀ ਦਿੱਤੀ ਸੀ ਕਿ 18 ਸਾਲ ਤੋਂ ਉੱਪਰ ਦੀ ਹਰ ਔਰਤ ਨੂੰ ਬਿਨਾਂ ਕਿਸੇ ਸ਼ਰਤ ਤੋਂ ਯੋਜਨਾ ਦਾ ਲਾਭ ਦਿੱਤਾ ਜਾਵੇਗਾ। ਪਰ ਸਾਢੇ ਚਾਰ ਸਾਲ ਦੇ ਲੰਮੇ ਇੰਤਜ਼ਾਰ ਤੋਂ ਬਾਅਦ ਜਦੋਂ ਇਹ ਸਕੀਮ ਸ਼ੁਰੂ ਕੀਤੀ ਗਈ, ਤਾਂ ਇੱਕ ਤੋਂ ਬਾਅਦ ਇੱਕ ਕਰੜੀਆਂ ਸ਼ਰਤਾਂ ਥੋਪ ਦਿੱਤੀਆਂ ਗਈਆਂ। ਸਰਕਾਰ ਨੇ ਪੂਰੇ ਸਾਢੇ ਚਾਰ ਸਾਲ ਦਾ ਬਕਾਇਆ ਦੇਣ ਦੀ ਥਾਂ ਸਿਰਫ਼ 3 ਮਹੀਨਿਆਂ ਦੇ ਪੈਸੇ ਦੇ ਕੇ ਔਰਤਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦੀ ਕੋਸ਼ਿਸ਼ ਕੀਤੀ ਹੈ।
ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਸਰਕਾਰ ਯੋਜਨਾ ਦੇ ਲਾਭ ਦੇਣ ਸਬੰਧੀ ਅੰਕੜੇ ਬਦਲ ਬਦਲ ਪੇਸ਼ ਕਰ ਰਹੀ ਹੈ। ਯੋਜਨਾ ਸ਼ੁਰੁ ਕਰ ਸਮੇਂ 40 ਲੱਖ, ਫਿਰ 36 ਲੱਖ ਅਤੇ ਹੁਣ 32 ਲੱਖ ਔਰਤਾਂ ਦਾ ਅੰਕੜਾ ਦਿੱਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕਿ ਸਰਕਾਰ ਦੇ ਆਪਣੇ ਅੰਕੜੇ ਦੱਸਦੇ ਹਨ ਕਿ ਅੱਜ ਵੀ 50 ਫੀਸਦੀ ਤੋਂ ਵੱਧ ਔਰਤਾਂ ਨੂੰ ਇਸ ਸਕੀਮ ਤੋਂ ਵਾਂਝਾ ਰੱਖਿਆ ਗਿਆ ਹੈ, ਜੋ ਸਰਕਾਰ ਦੀ ਬੇਈਮਾਨੀ ਨੂੰ ਦਾ ਪਰਦਾਫਾਸ਼ ਕਰ ਰਿਹਾ ਹੈ।
ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਦੀਆਂ ਮਾਵਾਂ-ਭੈਣਾਂ ਅਤੇ ਲੋਕ 'ਆਪ' ਸਰਕਾਰ ਤੋਂ ਪੂਰੇ 5 ਸਾਲਾਂ ਦੀ ਬਦਇੰਤਜ਼ਾਮੀ ਅਤੇ ਧੋਖੇਬਾਜ਼ੀ ਦਾ ਹਿਸਾਬ ਮੰਗ ਰਹੇ ਹਨ। ਔਰਤਾਂ 'ਤੇ ਹੋਏ ਅੱਤਿਆਚਾਰ ਅਤੇ ਕੁੱਟਮਾਰ ਦਾ ਜਵਾਬ ਪੰਜਾਬ ਦੇ ਲੋਕ ਆਉਣ ਵਾਲੀਆਂ ਚੋਣਾਂ ਵਿੱਚ 'ਆਪ' ਨੂੰ ਸਬਕ ਸਿਖਾ ਕੇ ਦੇਣਗੇ।
ਹਿੰਦੂਸਥਾਨ ਸਮਾਚਾਰ / GURSHARAN SINGH