
ਅੰਮ੍ਰਿਤਸਰ, 22 ਅਗਸਤ (ਹਿੰ.ਸ.)| ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਕਮੇਟੀ ਨੇ ਕਿਹਾ ਕਿ ਗੁਰੂ ਘਰ ਵਿੱਚ ਨਤਮਸਤਕ ਹੋਣ ਆਉਣ ਵਾਲੇ ਕਿਸੇ ਵੀ ਸ਼ਰਧਾਲੂ ’ਤੇ ਹਮਲਾ ਕਰਨਾ ਨਾ ਸਿਰਫ਼ ਨਿੰਦਣਯੋਗ ਹੈ, ਸਗੋਂ ਗੁਰੂ ਘਰ ਦੀ ਮਰਯਾਦਾ ਦੀ ਵੀ ਉਲੰਘਣਾ ਹੈ।ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਹਰ ਸਿੱਖ ਸ਼ਰਧਾ ਅਤੇ ਭਾਵਨਾ ਨਾਲ ਗੁਰੂ ਘਰ ਵਿੱਚ ਮੱਥਾ ਟੇਕਣ ਪਹੁੰਚਦਾ ਹੈ। ਅਜਿਹੇ ਵਿੱਚ ਕਿਸੇ ਸ਼ਰਧਾਲੂ ਨਾਲ ਹਿੰਸਕ ਘਟਨਾ ਵਾਪਰਨਾ ਬੇਹੱਦ ਚਿੰਤਾਜਨਕ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਦੀ ਹਰ ਪੱਧਰ ’ਤੇ ਕਰੜੀ ਨਿੰਦਾ ਹੋਣੀ ਚਾਹੀਦੀ ਹੈ।ਅੰਤ੍ਰਿੰਗ ਕਮੇਟੀ ਨੇ ਕੈਨੇਡਾ ਦੇ ਐਡਮਨਟਨ ਸਥਿਤ ਗੁਰਦੁਆਰਾ ਨਾਨਕਸਰ ਸਾਹਿਬ ਵਿੱਚ ਇੱਕ ਵਿਅਕਤੀ ਵੱਲੋਂ ਸੇਵਾਦਾਰਾਂ ’ਤੇ ਕੀਤੇ ਹਮਲੇ ਦੀ ਵੀ ਸਖ਼ਤ ਨਿੰਦਾ ਕੀਤੀ। ਇਸ ਘਟਨਾ ਵਿੱਚ ਸੇਵਾਦਾਰਾਂ ਦੇ ਜ਼ਖ਼ਮੀ ਹੋਣ ਦੀ ਗੱਲ ਸਾਹਮਣੇ ਆਈ ਹੈ।ਐਡਵੋਕੇਟ ਧਾਮੀ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਗੁਰਦੁਆਰਾ ਸਾਹਿਬਾਨ ਅੰਦਰ ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਵਾਪਰਨਾ ਸਿੱਖ ਸੰਗਤ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਸਬੰਧਤ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਹਮਲੇ ਲਈ ਜ਼ਿੰਮੇਵਾਰ ਵਿਅਕਤੀ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਗੁਰਦੁਆਰਾ ਸਾਹਿਬਾਨ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।
ਹਿੰਦੂਸਥਾਨ ਸਮਾਚਾਰ / GURSHARAN SINGH