
ਲੁਧਿਆਣਾ, 26 ਅਗਸਤ (ਹਿੰ.ਸ.)| ਲੁਧਿਆਣਾ ਦੇ ਸਾਹਨੇਵਾਲ ਇਲਾਕੇ ਵਿੱਚ ਪੁਲਿਸ ਨੇ ਹਥਿਆਰਾਂ ਦਾ ਡਰ ਦਿਖਾ ਕੇ ਰਾਹਗੀਰਾਂ ਤੋਂ ਲੁੱਟ-ਖੋਹ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕਰਦਿਆਂ ਦੋ ਸ਼ਾਤਿਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਦੋਵਾਂ ਨੂੰ ਇੱਕ ਸੁੰਨੇ ਪਏ ਖਾਲੀ ਪਲਾਟ ਵਿੱਚੋਂ ਕਾਬੂ ਕੀਤਾ।ਜਾਣਕਾਰੀ ਮੁਤਾਬਕ ਸਬ-ਇੰਸਪੈਕਟਰ ਦੀਪ ਚੰਦ ਦੀ ਅਗਵਾਈ ਹੇਠ ਪੁਲਿਸ ਪਾਰਟੀ ਮੰਗਲਵਾਰ ਦੇਰ ਸ਼ਾਮ ਨੂੰ ਇਲਾਕੇ ਵਿੱਚ ਗਸ਼ਤ ਕਰ ਰਹੀ ਸੀ। ਇਸ ਦੌਰਾਨ ਇੱਕ ਮੁਖਬਰ ਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਦੋ ਵਿਅਕਤੀ, ਜੋ ਕਥਿਤ ਤੌਰ ’ਤੇ ਨਾਜਾਇਜ਼ ਪਿਸਤੌਲ ਦਿਖਾ ਕੇ ਲੋਕਾਂ ਤੋਂ ਲੁੱਟ-ਖੋਹ ਕਰਨ ਦੇ ਆਦੀ ਹਨ, ਮੁਹੱਲਾ ਪ੍ਰੀਤਮ ਕਾਲੋਨੀ ਦੇ ਇੱਕ ਸੁੰਨੇ ਖਾਲੀ ਪਲਾਟ ਵਿੱਚ ਲੁਕੇ ਹੋਏ ਹਨ। ਦੋਵੇਂ ਇੱਕ ਚਿੱਟੇ ਰੰਗ ਦੀ ਬੋਲੇਰੋ ਗੱਡੀ ਵਿੱਚ ਬੈਠੇ ਸਨ ਅਤੇ ਕਥਿਤ ਤੌਰ ’ਤੇ ਕਿਸੇ ਨਵੀਂ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਵਿੱਚ ਸਨ।ਸੂਚਨਾ ਮਿਲਦੇ ਹੀ ਪੁਲਿਸ ਨੇ ਖਾਲੀ ਪਲਾਟ ਵਿੱਚ ਛਾਪਾ ਮਾਰ ਕੇ ਬੋਲੇਰੋ ਵਿੱਚ ਬੈਠੇ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਪੁਲਿਸ ਵੱਲੋਂ ਮੁਲਜ਼ਮਾਂ ਅਤੇ ਗੱਡੀ ਦੀ ਤਲਾਸ਼ੀ ਲੈਣ ’ਤੇ ਕਈ ਚੀਜ਼ਾਂ ਬਰਾਮਦ ਹੋਈਆਂ।ਪੁਲਿਸ ਨੇ ਮੁਲਜ਼ਮਾਂ ਕੋਲੋਂ 32 ਬੋਰ ਦੀ ਪਿਸਤੌਲ, 7.65 ਦੇ ਦੋ ਜ਼ਿੰਦਾ ਕਾਰਤੂਸ, ਇੱਕ ਤੇਜ਼ਧਾਰ ਖੰਜਰ ਅਤੇ ਇੱਕ ਮੋਬਾਈਲ ਫੋਨ ਬਰਾਮਦ ਕੀਤਾ ਹੈ। ਇਸ ਤੋਂ ਇਲਾਵਾ ਚਿੱਟੀ ਬੋਲੇਰੋ ਗੱਡੀ ਨੂੰ ਵੀ ਪੁਲਿਸ ਨੇ ਕਬਜ਼ੇ ਵਿੱਚ ਲੈ ਲਿਆ ਹੈ।ਪੁਲਿਸ ਮੁਤਾਬਕ ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਅਜੀਤ ਸਿੰਘ ਉਰਫ਼ ਭੁਮੀਆ ਉਰਫ਼ ਬੋਰੋ ਮੀਆਂ ਵਾਸੀ ਗਲੀ ਨੰਬਰ 3, ਮਹਾਦੇਵ ਸਿੰਘ ਨਗਰ, ਗਿਆਸਪੁਰਾ ਸਾਹਨੇਵਾਲ ਅਤੇ ਸਨੀ ਕੁਮਾਰ ਵਾਸੀ ਗਲੀ ਨੰਬਰ 10, ਮੁਹੱਲਾ ਗੁਰੂ ਤੇਗ ਬਹਾਦਰ ਨਗਰ, ਗਿਆਸਪੁਰਾ ਲੁਧਿਆਣਾ ਵਜੋਂ ਹੋਈ ਹੈ। ਦੋਵਾਂ ਮੁਲਜ਼ਮਾਂ ਖ਼ਿਲਾਫ਼ ਥਾਣਾ ਸਾਹਨੇਵਾਲ ਵਿੱਚ ਮਾਮਲਾ ਦਰਜ ਕੀਤਾ ਹੈ। ਮਾਮਲੇ ਦੀ ਅਗਲੇਰੀ ਜਾਂਚ ਸਬ-ਇੰਸਪੈਕਟਰ ਦੀਪ ਚੰਦ ਵੱਲੋਂ ਕੀਤੀ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH