
ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਘਰ-ਘਰ ਗੁਰੂ ਦਾ ਸੁਨੇਹਾ ਪਹੁੰਚਾਉਣ ਦੀ ਲੋੜ: ਐਡਵੋਕੇਟ ਧਾਮੀ
ਅੰਮ੍ਰਿਤਸਰ, 28 ਅਗਸਤ (ਹਿੰ.ਸ.)| ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਹੋਇਆ ਮੀਰੀ-ਪੀਰੀ ਖ਼ਾਲਸਾ ਮਾਰਚ ਆਪਣੇ ਦੂਜੇ ਪੜਾਅ ਤਹਿਤ ਸ਼ੁੱਕਰਵਾਰ ਨੂੰ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ, ਗਾਗਾ (ਸੰਗਰੂਰ) ਤੋਂ ਅਗਲੇ ਪੜਾਅ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ, ਕਰਹਾਲੀ ਸਾਹਿਬ ਲਈ ਪੰਥਕ ਰਵਾਇਤਾਂ ਅਨੁਸਾਰ ਰਵਾਨਾ ਹੋਇਆ। ਮਾਰਚ ਦੀ ਰਵਾਨਗੀ ਤੋਂ ਪਹਿਲਾਂ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ।
ਗੁਰਮਤਿ ਸਮਾਗਮ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ ਨੇ ਕਥਾ-ਵਿਚਾਰ ਰਾਹੀਂ ਸੰਗਤਾਂ ਨਾਲ ਇਤਿਹਾਸ ਦੀ ਸਾਂਝ ਪਾਈ ਅਤੇ ਗੁਰਮਤਿ ਅਨੁਸਾਰ ਜੀਵਨ ਬਤੀਤ ਕਰਨ ਦੀ ਪ੍ਰੇਰਣਾ ਦਿੱਤੀ। ਮਾਰਚ ਦੀ ਰਵਾਨਗੀ ਦੀ ਅਰਦਾਸ ਹੈੱਡ ਪ੍ਰਚਾਰਕ ਭਾਈ ਸਰਬਜੀਤ ਸਿੰਘ ਢੋਟੀਆਂ ਨੇ ਕੀਤੀ। ਇਸ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ ਨੇ ਪਾਲਕੀ ਸਾਹਿਬ ਵਿੱਚ ਸੁਸ਼ੋਭਿਤ ਕੀਤਾ।
ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਬਾਬਾ ਮੱਖਣ ਸ਼ਾਹ ਲੁਬਾਣਾ ਦੇ ਇਤਿਹਾਸਕ ਯੋਗਦਾਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਛਾਣ ਕਰਕੇ ਦਿੱਤਾ ਗਿਆ “ਸਾਚਾ ਗੁਰੂ ਲਾਧੋ ਰੇ” ਦਾ ਸੰਦੇਸ਼ ਗੁਰੂ ਪ੍ਰਤੀ ਅਟੁੱਟ ਵਿਸ਼ਵਾਸ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਦਸਵੇਂ ਪਾਤਸ਼ਾਹ ਦੇ ਹੁਕਮ “ਗੁਰੂ ਮਾਨਿਓ ਗ੍ਰੰਥ” ਨੂੰ ਜੀਵਨ ਦਾ ਆਧਾਰ ਬਣਾਉਂਦਿਆਂ ਕਿਸੇ ਵੀ ਦੇਹਧਾਰੀ ਨੂੰ ਗੁਰੂ ਮੰਨਣ ਦੇ ਭੁਲੇਖੇ ਤੋਂ ਬਚਣਾ ਚਾਹੀਦਾ ਹੈ।
ਗਿਆਨੀ ਗੜਗੱਜ ਨੇ ਕਿਹਾ ਕਿ ਮੀਰੀ-ਪੀਰੀ ਖ਼ਾਲਸਾ ਮਾਰਚ ਰਾਹੀਂ ਗੁਰੂ ਸਿਧਾਂਤ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਅਤੇ ਪੰਥਕ ਏਕਤਾ ਦਾ ਸੰਦੇਸ਼ ਸੰਗਤਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸਭ ਤੋਂ ਵੱਡੀ ਚਿੰਤਾ ਨਸ਼ਿਆਂ ਦੀ ਮਾਰ ਹੈ। ਨਸ਼ਾ ਵੇਚਣ ਵਾਲਿਆਂ ਦਾ ਸਮਾਜਿਕ ਬਾਈਕਾਟ ਕਰਨ ਦੇ ਨਾਲ ਸਰਕਾਰਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਜਵਾਬਦੇਹ ਬਣਾਉਣਾ ਚਾਹੀਦਾ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਨਸ਼ਿਆਂ ਦੀ ਲਪੇਟ ਵਿੱਚ ਆਏ ਨੌਜਵਾਨਾਂ ਨੂੰ ਨਫ਼ਰਤ ਨਹੀਂ, ਸਗੋਂ ਪਿਆਰ, ਸਹਾਰਾ ਅਤੇ ਮੁੜ ਚੰਗੇ ਜੀਵਨ ਵੱਲ ਪਰਤਣ ਦਾ ਮੌਕਾ ਦੇਣਾ ਚਾਹੀਦਾ ਹੈ। ਇਸ ਦੇ ਨਾਲ ਬੱਚਿਆਂ ਨੂੰ ਸਿੱਖੀ ਸਰੂਪ ਅਤੇ ਗੁਰਬਾਣੀ ਨਾਲ ਜੋੜਨਾ ਹਰ ਪਰਿਵਾਰ ਦੀ ਸਾਂਝੀ ਜ਼ਿੰਮੇਵਾਰੀ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਖ਼ਾਲਸਾ ਮਾਰਚ ਦੌਰਾਨ ਸੰਗਤਾਂ ਅਤੇ ਖ਼ਾਸ ਕਰਕੇ ਬਜ਼ੁਰਗਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੀ ਨੌਜਵਾਨੀ ਦੀ ਨਸ਼ਿਆਂ ਕਾਰਨ ਪੈਦਾ ਹੋਈ ਦਰਦਨਾਕ ਸਥਿਤੀ ਸਾਹਮਣੇ ਆ ਰਹੀ ਹੈ। ਉਨ੍ਹਾਂ ਕਿਹਾ ਕਿ ਮਾਰਚ ਦਾ ਮਕਸਦ ਨਸ਼ਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਨ ਦੇ ਨਾਲ ਨੌਜਵਾਨਾਂ ਨੂੰ ਬਾਣੀ, ਬਾਣੇ, ਗੁਰਸਿੱਖੀ ਜੀਵਨ ਅਤੇ ਆਪਣੇ ਗੌਰਵਮਈ ਵਿਰਸੇ ਨਾਲ ਜੋੜਨਾ ਹੈ।
ਐਡਵੋਕੇਟ ਧਾਮੀ ਨੇ ਦੱਸਿਆ ਕਿ ਖ਼ਾਲਸਾ ਮਾਰਚ ਦੀ ਸੰਪੂਰਨਤਾ ਤੋਂ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਹਰ ਹਲਕੇ ਵਿੱਚ ਗੁਰਮਤਿ ਸਮਾਗਮ ਅਤੇ ਅੰਮ੍ਰਿਤ ਸੰਚਾਰ ਸਮਾਗਮ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਨੌਜਵਾਨੀ ਪੰਜਾਬ ਦਾ ਭਵਿੱਖ ਹੈ ਅਤੇ ਹਰ ਮਾਂ-ਪਿਉ ਤੇ ਗੁਰਸਿੱਖ ਦਾ ਫ਼ਰਜ਼ ਹੈ ਕਿ ਉਹ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾ ਕੇ ਗੁਰੂ ਨਾਲ ਜੋੜੇ।
ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰਾਂ, ਧਾਰਮਿਕ ਸ਼ਖ਼ਸੀਅਤਾਂ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ਮਾਰਚ ਦੌਰਾਨ ਨੌਜਵਾਨਾਂ ਵਿੱਚ ਸਾਬਤ-ਸੂਰਤ ਰਹਿਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰਣ ਕਰਨ ਨੂੰ ਲੈ ਕੇ ਵੀ ਉਤਸ਼ਾਹ ਦੇਖਣ ਨੂੰ ਮਿਲਿਆ।
ਹਿੰਦੂਸਥਾਨ ਸਮਾਚਾਰ / GURSHARAN SINGH