

ਪੱਟੀ, 30 ਅਗਸਤ (ਹਿੰ.ਸ.)| ਆਮ ਆਦਮੀ ਪਾਰਟੀ ਵੱਲੋਂ ਪੱਟੀ ਹਲਕੇ ਦੇ ਇੰਚਾਰਜ ਨਿਯੁਕਤ ਕੀਤੇ ਗਏ ਨਾਮਵਰ ਪਹਿਲਵਾਨ ਜਸਕੰਵਰ ਸਿੰਘ ਉਰਫ਼ ਜੱਸਾ ਪੱਟੀ ਨੇ ਪੰਜਾਬ ਖੇਡ ਭਲਾਈ ਬੋਰਡ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਜੱਸਾ ਪੱਟੀ ਨੂੰ ਕੁਝ ਸਮਾਂ ਪਹਿਲਾਂ ਹੀ ਆਮ ਆਦਮੀ ਪਾਰਟੀ ਵੱਲੋਂ ਹਲਕਾ ਪੱਟੀ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਖੇਡ ਭਲਾਈ ਬੋਰਡ ਪੰਜਾਬ ਦਾ ਚੇਅਰਮੈਨ ਬਣਾਇਆ ਗਿਆ ਸੀ।
ਜੱਸਾ ਪੱਟੀ ਨੇ ਆਪਣੇ ਅਸਤੀਫ਼ੇ ਵਿੱਚ ਕਿਹਾ ਹੈ ਕਿ ਹਲਕਾ ਪੱਟੀ ਦੀ ਸੇਵਾ ਅਤੇ ਲੋਕਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਭ ਤੋਂ ਉੱਪਰ ਰੱਖਦਿਆਂ ਉਨ੍ਹਾਂ ਨੇ ਖੇਡ ਭਲਾਈ ਬੋਰਡ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਫੈਸਲਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਹਲਕਾ ਪੱਟੀ ਦੇ ਲੋਕਾਂ ਵੱਲੋਂ ਉਨ੍ਹਾਂ ਨੂੰ ਜੋ ਪਿਆਰ, ਭਰੋਸਾ ਅਤੇ ਜ਼ਿੰਮੇਵਾਰੀ ਦਿੱਤੀ ਗਈ ਹੈ, ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਾ ਉਨ੍ਹਾਂ ਦੀ ਪਹਿਲੀ ਤਰਜੀਹ ਹੈ। ਜੱਸਾ ਪੱਟੀ ਨੇ ਕਿਹਾ ਕਿ ਹੁਣ ਉਨ੍ਹਾਂ ਦਾ ਪੂਰਾ ਸਮਾਂ ਅਤੇ ਧਿਆਨ ਹਲਕੇ ਦੇ ਵਿਕਾਸ, ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਅਤੇ ਪੱਟੀ ਦੀ ਸੰਗਤ ਦੀ ਸੇਵਾ ਲਈ ਸਮਰਪਿਤ ਰਹੇਗਾ।
ਜੱਸਾ ਪੱਟੀ ਦੇ ਇਸ ਫੈਸਲੇ ਨੂੰ ਹਲਕਾ ਪੱਟੀ ਦੀ ਸਿਆਸਤ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ। ਚੇਅਰਮੈਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਹੁਣ ਉਹ ਆਪਣਾ ਵਧੇਰੇ ਸਮਾਂ ਹਲਕਾ ਪੱਟੀ ਵਿੱਚ ਲੋਕਾਂ ਨਾਲ ਰਾਬਤਾ ਬਣਾਉਣ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ’ਤੇ ਕੇਂਦਰਿਤ ਕਰਨਗੇ। ਆਪਣੇ ਅਸਤੀਫ਼ੇ ਰਾਹੀਂ ਜੱਸਾ ਪੱਟੀ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਲਈ ਪੱਟੀ ਹਲਕੇ ਦੇ ਲੋਕਾਂ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਅਤੇ ਉਨ੍ਹਾਂ ਦੀ ਸੇਵਾ ਸਭ ਤੋਂ ਮਹੱਤਵਪੂਰਨ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH