ਗੁਰੂ ਨਾਨਕ ਦੇਵ ਯੂਨੀਵਰਸਿਟੀ ’ਚ ਮੈਗਾ ਵੋਟਰ ਇਨਰੋਲਮੈਂਟ ਡਰਾਈਵ, 800 ਤੋਂ ਵੱਧ ਵਿਦਿਆਰਥੀਆਂ ਨੇ ਲਿਆ ਹਿੱਸਾ
ਅੰਮ੍ਰਿਤਸਰ, 10 ਸਤੰਬਰ (ਹਿੰ.ਸ.)| ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਚੱਲ ਰਹੀ ਸਪੈਸ਼ਲ ਇੰਟੈਂਸਿਵ ਰਿਵਿਜ਼ਨ-2026 ਮੁਹਿੰਮ ਤਹਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਵਿਸ਼ਾਲ ਮੈਗਾ ਵੋਟਰ ਇਨਰੋਲਮੈਂਟ ਡਰਾਈਵ ਕਰਵਾਈ ਗਈ। ਇਸ ਦੌਰਾਨ ਯੂਨੀਵਰਸਿਟੀ ਅਤੇ ਵੱਖ-ਵੱਖ ਕਾਲਜਾਂ ਨਾਲ ਸਬੰਧਤ 80
ਅੰਮ੍ਰਿਤਸਰ ਵਿਖੇ ਵਿਸ਼ਾਲ ਮੈਗਾ ਵੋਟਰ ਇਨਰੋਲਮੈਂਟ ਡਰਾਈਵ ’ਚ ਭਾਗ ਲੈਂਦੇ ਹੋਏ ਵਿਦਿਆਰਥੀ।


ਅੰਮ੍ਰਿਤਸਰ, 10 ਸਤੰਬਰ (ਹਿੰ.ਸ.)| ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਚੱਲ ਰਹੀ ਸਪੈਸ਼ਲ ਇੰਟੈਂਸਿਵ ਰਿਵਿਜ਼ਨ-2026 ਮੁਹਿੰਮ ਤਹਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਵਿਸ਼ਾਲ ਮੈਗਾ ਵੋਟਰ ਇਨਰੋਲਮੈਂਟ ਡਰਾਈਵ ਕਰਵਾਈ ਗਈ। ਇਸ ਦੌਰਾਨ ਯੂਨੀਵਰਸਿਟੀ ਅਤੇ ਵੱਖ-ਵੱਖ ਕਾਲਜਾਂ ਨਾਲ ਸਬੰਧਤ 800 ਤੋਂ ਵੱਧ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਮੁਹਿੰਮ ਦਾ ਮੁੱਖ ਮਕਸਦ ਨੌਜਵਾਨਾਂ, ਖਾਸ ਕਰਕੇ ਪਹਿਲੀ ਵਾਰ ਵੋਟਰ ਬਣਨ ਵਾਲੇ ਵਿਦਿਆਰਥੀਆਂ ਨੂੰ ਵੋਟਰ ਸੂਚੀਆਂ ਵਿੱਚ ਆਪਣਾ ਨਾਮ ਦਰਜ ਕਰਵਾਉਣ ਲਈ ਪ੍ਰੇਰਿਤ ਕਰਨਾ ਅਤੇ ਉਨ੍ਹਾਂ ਨੂੰ ਚੋਣ ਪ੍ਰਕਿਰਿਆ ਪ੍ਰਤੀ ਜਾਗਰੂਕ ਕਰਨਾ ਸੀ।

ਇਸ ਮੌਕੇ ਜ਼ਿਲ੍ਹਾ ਚੋਣ ਦਫ਼ਤਰ ਵੱਲੋਂ ਵੋਟਰ ਜਾਗਰੂਕਤਾ ਨੂੰ ਸਮਰਪਿਤ ਵਿਸ਼ੇਸ਼ ਰੰਗੋਲੀ ਤਿਆਰ ਕੀਤੀ ਗਈ, ਜਿਸ ਰਾਹੀਂ ਵੋਟ ਦੇ ਅਧਿਕਾਰ ਅਤੇ ਲੋਕਤੰਤਰ ਵਿੱਚ ਨੌਜਵਾਨਾਂ ਦੀ ਭੂਮਿਕਾ ਦਾ ਸੰਦੇਸ਼ ਦਿੱਤਾ ਗਿਆ। ਵਿਦਿਆਰਥੀਆਂ ਦੀ ਸਹੂਲਤ ਲਈ ਵੋਟਰ ਹੈਲਪਲਾਈਨ ਡੈਸਕ ਵੀ ਲਗਾਇਆ ਗਿਆ, ਜਿੱਥੇ ਨਵੇਂ ਵੋਟਰਾਂ ਨੂੰ ਰਜਿਸਟ੍ਰੇਸ਼ਨ, ਵੋਟਰ ਸੂਚੀ ਵਿੱਚ ਨਾਮ ਦੀ ਜਾਂਚ ਅਤੇ ਚੋਣ ਪ੍ਰਕਿਰਿਆ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਸਿਗਨੇਚਰ ਕੈਂਪੇਨ ਕਰਵਾਈ ਗਈ, ਜਿਸ ਵਿੱਚ ਵਿਦਿਆਰਥੀਆਂ ਨੇ ਹਸਤਾਖਰ ਕਰਕੇ ਲੋਕਤੰਤਰ ਪ੍ਰਤੀ ਆਪਣੀ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ।

ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ 100 ਤੋਂ ਵੱਧ ਨੌਜਵਾਨਾਂ ਦੀ ਸ਼ਮੂਲੀਅਤ ਨਾਲ ਬਾਈਕ ਰੈਲੀ ਵੀ ਕੱਢੀ ਗਈ। ਰੈਲੀ ਦੌਰਾਨ ਯੋਗ ਨਾਗਰਿਕਾਂ ਨੂੰ ਵੋਟਰ ਵਜੋਂ ਰਜਿਸਟਰ ਹੋਣ ਅਤੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਜਾਗਰੂਕ ਕੀਤਾ ਗਿਆ। ਇਸ ਮੌਕੇ ਨੌਜਵਾਨਾਂ ਨੂੰ ਵੋਟਰ ਸਹੁੰ ਵੀ ਚੁਕਾਈ ਗਈ ਅਤੇ ਉਨ੍ਹਾਂ ਵੱਲੋਂ ਵੋਟਰ ਐਪਸ ਡਾਊਨਲੋਡ ਕੀਤੀਆਂ ਗਈਆਂ। ਵਿਦਿਆਰਥੀਆਂ ਨੇ ਨੁੱਕੜ ਨਾਟਕ ਅਤੇ ਗਿੱਧੇ ਦੀ ਪੇਸ਼ਕਾਰੀ ਰਾਹੀਂ ਵੀ ਵੋਟਰ ਜਾਗਰੂਕਤਾ ਦਾ ਸੰਦੇਸ਼ ਦਿੱਤਾ।

ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਲਵਿੰਦਰਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਹਰ ਯੋਗ ਨਾਗਰਿਕ ਦਾ ਵੋਟਰ ਸੂਚੀ ਵਿੱਚ ਦਰਜ ਹੋਣਾ ਜ਼ਰੂਰੀ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਖੁਦ ਵੋਟਰ ਵਜੋਂ ਰਜਿਸਟਰ ਹੋਣ ਦੇ ਨਾਲ ਆਪਣੇ ਪਰਿਵਾਰਕ ਮੈਂਬਰਾਂ ਅਤੇ ਹੋਰਨਾਂ ਯੋਗ ਵਿਅਕਤੀਆਂ ਨੂੰ ਵੀ ਇਸ ਲਈ ਪ੍ਰੇਰਿਤ ਕਰਨ। ਉਨ੍ਹਾਂ ਕਿਹਾ ਕਿ ਨੌਜਵਾਨ ਲੋਕਤੰਤਰ ਦੀ ਤਾਕਤ ਹਨ ਅਤੇ ਵੋਟਰ ਬਣਨਾ ਅਧਿਕਾਰ ਦੇ ਨਾਲ-ਨਾਲ ਮਹੱਤਵਪੂਰਨ ਨਾਗਰਿਕ ਜ਼ਿੰਮੇਵਾਰੀ ਵੀ ਹੈ।

ਵਧੀਕ ਡਿਪਟੀ ਕਮਿਸ਼ਨਰ (ਜਨਰਲ) ਪੱਲਵੀ ਮਿਸ਼ਰਾ ਨੇ ਵੀ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਵੋਟਰ ਰਜਿਸਟ੍ਰੇਸ਼ਨ ਲਈ ਪ੍ਰੇਰਿਤ ਕੀਤਾ। ਐੱਸ.ਡੀ.ਐੱਮ.-1 ਅਲਕਾ ਕਾਲੀਆ ਅਤੇ ਚੋਣ ਤਹਿਸੀਲਦਾਰ ਰਾਜਿੰਦਰ ਸਿੰਘ ਕਾਹਲੋਂ ਸਮੇਤ ਸਵੀਪ ਟੀਮ ਦੇ ਮੈਂਬਰ ਵੀ ਮੌਜੂਦ ਸਨ। ਕਾਹਲੋਂ ਨੇ ਕਿਹਾ ਕਿ ਜ਼ਿਲ੍ਹੇ ਵਿੱਚ ‘ਯੋਗ ਵੋਟਰ-ਮਜ਼ਬੂਤ ਲੋਕਤੰਤਰ’ ਦਾ ਸੰਦੇਸ਼ ਘਰ-ਘਰ ਪਹੁੰਚਾਉਣ ਲਈ ਵੋਟਰ ਜਾਗਰੂਕਤਾ ਗਤੀਵਿਧੀਆਂ ਲਗਾਤਾਰ ਜਾਰੀ ਹਨ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande