ਪੱਗ ਉਤਾਰਨ ਦੇ ਦੋਸ਼ ’ਤੇ ਚੰਡੀਗੜ੍ਹ ਪੁਲਿਸ ਖ਼ਿਲਾਫ਼ ਰਾਣਾ ਬਲਜੀਤ ਸਿੰਘ ਚਾਹਲ ਨੇ ਚੁੱਕੇ ਸਵਾਲ
ਚੰਡੀਗੜ੍ਹ, 10 ਸਤੰਬਰ (ਹਿੰ.ਸ.)| ਸੀਨੀਅਰ ਕਾਂਗਰਸੀ ਆਗੂ ਰਾਣਾ ਬਲਜੀਤ ਸਿੰਘ ਚਾਹਲ ਨੇ ਚੰਡੀਗੜ੍ਹ ਪੁਲਿਸ ਦੀ ਕਾਰਵਾਈ ’ਤੇ ਗੰਭੀਰ ਸਵਾਲ ਚੁੱਕੇ ਹਨ। ਉਨ੍ਹਾਂ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਕੀਤੇ ਜਾ ਰਹੇ ਕਾਂਗਰਸ ਦੇ ਰੋਸ ਮਾਰਚ ਦੌਰਾਨ ਪੁਲਿਸ ਵੱਲੋਂ ਕੀਤੀ ਕਾਰਵਾਈ ਦੀ ਨਿੰਦਾ ਕਰਦਿਆਂ ਦੋਸ਼ ਲਾਇਆ ਕਿ ਪ੍ਰ
ਪੱਗ ਉਤਾਰਨ ਦੇ ਦੋਸ਼ ’ਤੇ ਚੰਡੀਗੜ੍ਹ ਪੁਲਿਸ ਖ਼ਿਲਾਫ਼ ਰਾਣਾ ਬਲਜੀਤ ਸਿੰਘ ਚਾਹਲ ਨੇ ਚੁੱਕੇ ਸਵਾਲ


ਚੰਡੀਗੜ੍ਹ, 10 ਸਤੰਬਰ (ਹਿੰ.ਸ.)| ਸੀਨੀਅਰ ਕਾਂਗਰਸੀ ਆਗੂ ਰਾਣਾ ਬਲਜੀਤ ਸਿੰਘ ਚਾਹਲ ਨੇ ਚੰਡੀਗੜ੍ਹ ਪੁਲਿਸ ਦੀ ਕਾਰਵਾਈ ’ਤੇ ਗੰਭੀਰ ਸਵਾਲ ਚੁੱਕੇ ਹਨ। ਉਨ੍ਹਾਂ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਕੀਤੇ ਜਾ ਰਹੇ ਕਾਂਗਰਸ ਦੇ ਰੋਸ ਮਾਰਚ ਦੌਰਾਨ ਪੁਲਿਸ ਵੱਲੋਂ ਕੀਤੀ ਕਾਰਵਾਈ ਦੀ ਨਿੰਦਾ ਕਰਦਿਆਂ ਦੋਸ਼ ਲਾਇਆ ਕਿ ਪ੍ਰਦਰਸ਼ਨਕਾਰੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਉਨ੍ਹਾਂ ਦੀ ਪੱਗ ਜ਼ਬਰਦਸਤੀ ਉਤਾਰ ਕੇ ਲੈ ਲਈ ਗਈ।

ਚਾਹਲ ਨੇ ਦੱਸਿਆ ਕਿ ਕਾਂਗਰਸ ਵਰਕਰ ਲੋਕਾਂ ਦੇ ਹੱਕਾਂ ਲਈ ਸ਼ਾਂਤਮਈ ਢੰਗ ਨਾਲ ਮਾਰਚ ਕਰ ਰਹੇ ਸਨ। ਇਸ ਦੌਰਾਨ ਪੁਲਿਸ ਵੱਲੋਂ ਤੇਜ਼ ਦਬਾਅ ਵਾਲੀਆਂ ਪਾਣੀ ਦੀਆਂ ਬੁਛਾੜਾਂ ਸਿੱਧੀਆਂ ਉਨ੍ਹਾਂ ਦੇ ਚਿਹਰੇ ਅਤੇ ਅੱਖਾਂ ’ਤੇ ਮਾਰੀਆਂ ਗਈਆਂ। ਉਨ੍ਹਾਂ ਦਾਅਵਾ ਕੀਤਾ ਕਿ ਇਸ ਕਾਰਨ ਉਨ੍ਹਾਂ ਦੀ ਅੱਖ ਨੂੰ 70 ਤੋਂ 75 ਫੀਸਦੀ ਤੱਕ ਨੁਕਸਾਨ ਹੋਇਆ ਹੈ ਅਤੇ ਨਜ਼ਰ ਧੁੰਦਲੀ ਹੋ ਗਈ ਹੈ।

ਚਾਹਲ ਨੇ ਕਿਹਾ ਕਿ ਸਰੀਰਕ ਸੱਟ ਤੋਂ ਵੱਧ ਦੁੱਖ ਉਨ੍ਹਾਂ ਨੂੰ ਇਸ ਗੱਲ ਦਾ ਹੈ ਕਿ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਦੀ ਪੱਗ ਜ਼ਬਰਦਸਤੀ ਉਤਾਰ ਦਿੱਤੀ ਅਤੇ ਆਪਣੇ ਨਾਲ ਲੈ ਗਏ। ਉਨ੍ਹਾਂ ਕਿਹਾ ਕਿ ਪੱਗ ਸਿੱਖ ਗੁਰੂ ਸਾਹਿਬਾਨ ਦੀ ਮਹਾਨ ਕੁਰਬਾਨੀ ਅਤੇ ਬਖ਼ਸ਼ਿਸ਼ ਦੀ ਨਿਸ਼ਾਨੀ ਹੈ, ਇਸ ਲਈ ਇਸ ਦੀ ਬੇਅਦਬੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ।

ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕਰਦਿਆਂ ਚਾਹਲ ਨੇ ਕਿਹਾ ਕਿ ਸਰਕਾਰ ਬੇਅਦਬੀ ਦੇ ਮਾਮਲਿਆਂ ਵਿੱਚ ਸਖ਼ਤ ਕਾਨੂੰਨੀ ਕਾਰਵਾਈ ਅਤੇ ਤੁਰੰਤ ਐੱਫਆਈਆਰ ਦੀ ਗੱਲ ਕਰਦੀ ਹੈ। ਉਨ੍ਹਾਂ ਪੁੱਛਿਆ ਕਿ ਕੀ ਹੁਣ ਉਨ੍ਹਾਂ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਵੀ ਮਾਮਲਾ ਦਰਜ ਕੀਤਾ ਜਾਵੇਗਾ, ਜਿਨ੍ਹਾਂ ’ਤੇ ਪੱਗ ਦੀ ਬੇਅਦਬੀ ਕਰਨ ਦੇ ਦੋਸ਼ ਲੱਗੇ ਹਨ।

ਉਨ੍ਹਾਂ ਦੋਸ਼ ਲਾਇਆ ਕਿ ਪੁਲਿਸ ਦੀ ਕਾਰਵਾਈ ਦੌਰਾਨ ਮਹਿਲਾ ਕਾਂਗਰਸ ਵਰਕਰਾਂ ਨਾਲ ਵੀ ਧੱਕਾ-ਮੁੱਕੀ ਅਤੇ ਬਦਸਲੂਕੀ ਕੀਤੀ ਗਈ। ਚਾਹਲ ਨੇ ਕਿਹਾ ਕਿ ਕਾਂਗਰਸ ਵਰਕਰ ਲੋਕਾਂ ਦੇ ਹੱਕਾਂ ਲਈ ਸੰਘਰਸ਼ ਕਰਦੇ ਰਹਿਣਗੇ, ਪਰ ਪੱਗ ਦੀ ਬੇਅਦਬੀ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ।

ਭਾਜਪਾ ’ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਦੋਸ਼ ਲਾਇਆ ਕਿ ਪੱਗ ਨੂੰ ਸਿਆਸੀ ਮੌਕਾਪ੍ਰਸਤੀ ਲਈ ਵਰਤਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸੱਚੇ ਆਗੂਆਂ ਲਈ ਪੱਗ ਕੋਈ ਸਿਆਸੀ ਪਹਿਰਾਵਾ ਨਹੀਂ, ਸਗੋਂ ਸਨਮਾਨ ਦਾ ਪ੍ਰਤੀਕ ਹੈ।

ਚਾਹਲ ਨੇ ਮੰਗ ਕੀਤੀ ਕਿ ਉਨ੍ਹਾਂ ਦੀ ਪੱਗ ਨੂੰ ਪੂਰੇ ਸਤਿਕਾਰ ਨਾਲ ਤੁਰੰਤ ਵਾਪਸ ਕੀਤਾ ਜਾਵੇ ਅਤੇ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਕਾਰਵਾਈ ਨਾ ਕੀਤੀ ਤਾਂ ਉਹ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੋਲ ਲੈ ਕੇ ਜਾਣਗੇ ਅਤੇ ਪੰਥਕ ਪੱਧਰ ’ਤੇ ਇਨਸਾਫ਼ ਦੀ ਮੰਗ ਕਰਨਗੇ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande