
ਰੰਗਲਾ ਪੰਜਾਬ ਤਹਿਤ 260 ਵਿੱਚੋਂ 248 ਕੰਮ ਮੁਕੰਮਲ, ਬਾਕੀ ਕੰਮ ਵੀ ਕੁਝ ਦਿਨਾਂ ਵਿੱਚ ਹੋਣਗੇ ਪੂਰੇ
ਕਪੂਰਥਲਾ, 14 ਸਤੰਬਰ (ਹਿੰ.ਸ.)| ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ ਨੇ ‘ਰੰਗਲਾ ਪੰਜਾਬ’ ਪ੍ਰੋਗਰਾਮ ਅਤੇ ਮੈਂਬਰ ਪਾਰਲੀਮੈਂਟ ਲੋਕਲ ਏਰੀਆ ਡਿਵੈਲਪਮੈਂਟ (ਐਮ.ਪੀ.ਲੈਡ) ਸਕੀਮ ਤਹਿਤ ਜ਼ਿਲ੍ਹੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਭੌਤਿਕ ਅਤੇ ਵਿੱਤੀ ਪ੍ਰਗਤੀ ਦਾ ਜਾਇਜ਼ਾ ਲਿਆ। ਮੀਟਿੰਗ ਦੌਰਾਨ ਉਨ੍ਹਾਂ ਨੇ ਵੱਖ-ਵੱਖ ਕੰਮਾਂ ਦੀ ਮੌਜੂਦਾ ਸਥਿਤੀ, ਖਰਚੇ ਅਤੇ ਫੰਡਾਂ ਦੀ ਵਰਤੋਂ ਦੀ ਸਕੀਮਵਾਰ ਸਮੀਖਿਆ ਕੀਤੀ।
ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਹਰੇਕ ਵਿਕਾਸ ਪ੍ਰੋਜੈਕਟ ਦੀ ਫੀਲਡ ਪੱਧਰ ’ਤੇ ਬਾਰੀਕੀ ਨਾਲ ਨਿਗਰਾਨੀ ਕੀਤੀ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਸਾਰੇ ਕੰਮ ਨਿਰਧਾਰਤ ਮਾਪਦੰਡਾਂ ਅਤੇ ਸਮਾਂ-ਸੀਮਾ ਅਨੁਸਾਰ ਮੁਕੰਮਲ ਹੋਣ। ਉਨ੍ਹਾਂ ਨੇ ਕੰਮਾਂ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਬੇਲੋੜੀ ਦੇਰੀ ਨੂੰ ਰੋਕਣ ਲਈ ਵਿਭਾਗਾਂ ਵਿਚਕਾਰ ਬਿਹਤਰ ਤਾਲਮੇਲ ’ਤੇ ਵੀ ਜ਼ੋਰ ਦਿੱਤਾ।
‘ਰੰਗਲਾ ਪੰਜਾਬ’ ਪ੍ਰੋਗਰਾਮ ਤਹਿਤ ਹੋ ਰਹੇ ਵਿਕਾਸ ਕਾਰਜਾਂ ਬਾਰੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਲੋਕਾਂ ਨੂੰ ਬੁਨਿਆਦੀ ਨਾਗਰਿਕ ਸਹੂਲਤਾਂ ਮੁਹੱਈਆ ਕਰਵਾਉਣ ਲਈ ਵੱਡੀ ਗਿਣਤੀ ਵਿੱਚ ਪ੍ਰੋਜੈਕਟ ਲਏ ਗਏ ਹਨ। ਇਨ੍ਹਾਂ ਵਿੱਚ ਸੜਕਾਂ ਅਤੇ ਨਾਲੀਆਂ ਦੀ ਉਸਾਰੀ ਤੇ ਮੁਰੰਮਤ, ਇੰਟਰਲੌਕਿੰਗ ਟਾਈਲਾਂ ਲਗਾਉਣਾ, ਸੋਲਰ ਸਟ੍ਰੀਟ ਲਾਈਟਾਂ, ਓਪਨ ਜਿੰਮ, ਸ਼ਮਸ਼ਾਨਘਾਟਾਂ ਦਾ ਵਿਕਾਸ ਤੇ ਨਵੀਨੀਕਰਨ, ਕਮਿਊਨਿਟੀ ਹਾਲ, ਅੰਗਣਵਾੜੀ ਸੈਂਟਰ, ਪੰਚਾਇਤ ਘਰ ਅਤੇ ਹੋਰ ਜਨਤਕ ਸਹੂਲਤਾਂ ਨਾਲ ਸਬੰਧਤ ਕੰਮ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ‘ਰੰਗਲਾ ਪੰਜਾਬ’ ਪ੍ਰੋਗਰਾਮ ਤਹਿਤ ਜ਼ਿਲ੍ਹੇ ਵਿੱਚ ਕੁੱਲ 260 ਵਿਕਾਸ ਕਾਰਜ ਸ਼ੁਰੂ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ 248 ਕੰਮ ਮੁਕੰਮਲ ਹੋ ਚੁੱਕੇ ਹਨ। ਬਾਕੀ ਰਹਿੰਦੇ ਕੰਮ ਵੀ ਅੰਤਿਮ ਪੜਾਅ ਵਿੱਚ ਹਨ ਅਤੇ ਅਗਲੇ ਕੁਝ ਦਿਨਾਂ ਵਿੱਚ ਇਨ੍ਹਾਂ ਨੂੰ ਪੂਰਾ ਕਰ ਲਿਆ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਸਬੰਧਤ ਵਿਭਾਗਾਂ ਨੂੰ ਮੁਕੰਮਲ ਹੋ ਚੁੱਕੇ ਕੰਮਾਂ ਦੇ ਵਰਤੋਂ ਸਰਟੀਫਿਕੇਟ (ਯੂ.ਸੀ.) ਤੁਰੰਤ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਵਿਕਾਸ ਪ੍ਰੋਜੈਕਟਾਂ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਸਮੇਂ-ਸਮੇਂ ’ਤੇ ਉਨ੍ਹਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਜਾਂਦੀ ਹੈ।
ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਨਿਗਰਾਨੀ ਪ੍ਰਣਾਲੀ ਨੂੰ ਹੋਰ ਮਜ਼ਬੂਤ ਰੱਖਿਆ ਜਾਵੇ ਅਤੇ ਜੇਕਰ ਕਿਸੇ ਵੀ ਪ੍ਰੋਜੈਕਟ ਦੀ ਰਫ਼ਤਾਰ ਜਾਂ ਗੁਣਵੱਤਾ ਨੂੰ ਪ੍ਰਭਾਵਿਤ ਕਰਨ ਵਾਲੀ ਕੋਈ ਸਮੱਸਿਆ ਸਾਹਮਣੇ ਆਉਂਦੀ ਹੈ ਤਾਂ ਉਸ ਨੂੰ ਤੁਰੰਤ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾਵੇ।
ਹਿੰਦੂਸਥਾਨ ਸਮਾਚਾਰ / GURSHARAN SINGH