
ਪਠਾਨਕੋਟ, 18 ਸਤੰਬਰ (ਹਿੰ.ਸ.)| ਬਹੁਜਨ ਸਮਾਜ ਪਾਰਟੀ (ਬਸਪਾ) ਪੰਜਾਬ ਦੇ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਦੱਸਿਆ ਕਿ ਮਾਝਾ ਜ਼ੋਨ ਵੱਲੋਂ 9 ਅਕਤੂਬਰ ਨੂੰ ਗੁਰਦਾਸਪੁਰ ਵਿਖੇ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦਾ ਪਰਿਨਿਰਵਾਣ ਦਿਵਸ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ।
ਡਾ. ਕਰੀਮਪੁਰੀ ਵੱਲੋਂ ਜਾਰੀ ਬਿਆਨ ਅਨੁਸਾਰ ਪਠਾਨਕੋਟ ਵਿਖੇ ਗੁਰਦਾਸਪੁਰ ਲੋਕ ਸਭਾ ਹਲਕੇ ਨਾਲ ਸਬੰਧਤ ਪਾਰਟੀ ਅਹੁਦੇਦਾਰਾਂ ਅਤੇ ਲੀਡਰਸ਼ਿਪ ਦੀ ਵਿਸ਼ੇਸ਼ ਮੀਟਿੰਗ ਸ਼ਿਵ ਕੁਮਾਰ ਦੇ ਨਿਵਾਸ ਸਥਾਨ ’ਤੇ ਹੋਈ। ਮੀਟਿੰਗ ਵਿੱਚ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਪਾਰਟੀ ਦੇ ਭਵਿੱਖੀ ਪ੍ਰੋਗਰਾਮਾਂ ਅਤੇ ਸੰਗਠਨਾਤਮਕ ਗਤੀਵਿਧੀਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ 9 ਅਕਤੂਬਰ ਨੂੰ ਮਾਝਾ ਜ਼ੋਨ ਵੱਲੋਂ ਕਾਂਸ਼ੀ ਰਾਮ ਜੀ ਦਾ ਪਰਿਨਿਰਵਾਣ ਦਿਵਸ ਗੁਰਦਾਸਪੁਰ ਵਿਖੇ ਮਨਾਇਆ ਜਾਵੇਗਾ।
ਡਾ. ਕਰੀਮਪੁਰੀ ਨੇ ਕਿਹਾ ਕਿ ਪਾਰਟੀ ਵੱਲੋਂ ਚਲਾਈ ਜਾ ਰਹੀ ‘ਪੰਜਾਬ ਸੰਭਾਲੋ ਮੁਹਿੰਮ’ ਅਤੇ ‘ਮਿਸ਼ਨ ਬੇਗਮਪੁਰਾ’ ਦੇ ਸੁਨੇਹੇ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਪਾਰਟੀ ਵਰਕਰਾਂ ਵੱਲੋਂ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਆਗੂਆਂ ਅਤੇ ਵਰਕਰਾਂ ਨੂੰ 9 ਅਕਤੂਬਰ ਦੇ ਗੁਰਦਾਸਪੁਰ ਸਮਾਗਮ ਦੀਆਂ ਤਿਆਰੀਆਂ ਲਈ ਹੁਣ ਤੋਂ ਹੀ ਸਰਗਰਮ ਹੋਣ ਦਾ ਸੱਦਾ ਦਿੱਤਾ।
ਇਸ ਮੌਕੇ ਮੀਟਿੰਗ ਨੂੰ ਸ੍ਰੀ ਸੁਨੀਲ ਮਾਜੋਤਰਾ, ਕੋਆਰਡੀਨੇਟਰ ਜੰਮੂ-ਕਸ਼ਮੀਰ, ਮੁੱਖ ਜ਼ੋਨ ਕੋਆਰਡੀਨੇਟਰ ਪ੍ਰਜਾਪਤੀ ਅਜੀਤ ਸਿੰਘ ਭੈਣੀ, ਮੁੱਖ ਜ਼ੋਨ ਕੋਆਰਡੀਨੇਟਰ ਐਡਵੋਕੇਟ ਨਵਰਾਜ ਸਿੰਘ, ਹੁਸ਼ਿਆਰਪੁਰ ਜ਼ੋਨ ਕੋਆਰਡੀਨੇਟਰ ਚੌਧਰੀ ਗੁਰਨਾਮ ਸਿੰਘ, ਹੁਸ਼ਿਆਰਪੁਰ ਜ਼ੋਨ ਕੋਆਰਡੀਨੇਟਰ ਜੇ.ਪੀ. ਭਗਤ, ਜ਼ਿਲ੍ਹਾ ਗੁਰਦਾਸਪੁਰ ਪ੍ਰਧਾਨ ਸੁਰਿੰਦਰ ਸਿੰਘ ਅਤੇ ਜ਼ਿਲ੍ਹਾ ਪਠਾਨਕੋਟ ਪ੍ਰਧਾਨ ਮੋਹਨ ਸਿੰਘ ਨੇ ਵੀ ਸੰਬੋਧਨ ਕੀਤਾ। ਆਗੂਆਂ ਨੇ 9 ਅਕਤੂਬਰ ਦੇ ਸਮਾਗਮ ਦੀਆਂ ਤਿਆਰੀਆਂ ਸਬੰਧੀ ਵਿਚਾਰ ਸਾਂਝੇ ਕੀਤੇ।
ਮੀਟਿੰਗ ਵਿੱਚ ਗੁਰਦਾਸਪੁਰ ਲੋਕ ਸਭਾ ਹਲਕੇ ਨਾਲ ਸਬੰਧਤ ਜ਼ਿਲ੍ਹਾ ਪੱਧਰੀ ਲੀਡਰਸ਼ਿਪ, ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਪ੍ਰਧਾਨ ਅਤੇ ਵੱਡੀ ਗਿਣਤੀ ਵਿੱਚ ਪਾਰਟੀ ਅਹੁਦੇਦਾਰ ਤੇ ਸੀਨੀਅਰ ਆਗੂ ਹਾਜ਼ਰ ਰਹੇ।
ਹਿੰਦੂਸਥਾਨ ਸਮਾਚਾਰ / GURSHARAN SINGH