
ਚੰਡੀਗੜ੍ਹ, 21 ਸਤੰਬਰ (ਹਿੰ.ਸ.)| ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਅਪੀਲ ਕੀਤੀ ਹੈ ਕਿ ਅਮਰੀਕਾ ਅਤੇ ਯੂਨਾਈਟਿਡ ਕਿੰਗਡਮ ਵਿੱਚ ਸਿੱਖ ਡਰਾਈਵਰਾਂ ਨਾਲ ਵਾਪਰੀਆਂ ਹਿੰਸਕ ਘਟਨਾਵਾਂ ਦਾ ਮਾਮਲਾ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਕੋਲ ਉੱਚ ਪੱਧਰ ’ਤੇ ਚੁੱਕਿਆ ਜਾਵੇ।
ਜੈਸ਼ੰਕਰ ਨੂੰ ਲਿਖੇ ਪੱਤਰ ਵਿੱਚ ਵੜਿੰਗ ਨੇ ਕਿਹਾ ਕਿ ਹਾਲੀਆ ਘਟਨਾਵਾਂ ਕਾਰਨ ਵਿਦੇਸ਼ਾਂ ਵਿੱਚ ਰਹਿੰਦੇ ਸਿੱਖ ਡਰਾਈਵਰਾਂ ਵਿੱਚ ਸੁਰੱਖਿਆ ਨੂੰ ਲੈ ਕੇ ਚਿੰਤਾ ਪੈਦਾ ਹੋਈ ਹੈ। ਉਨ੍ਹਾਂ ਖਾਸ ਤੌਰ ’ਤੇ ਵਾਇਓਮਿੰਗ ਵਿੱਚ 13 ਸਤੰਬਰ ਨੂੰ ਇੱਕ ਸਿੱਖ ਟਰੱਕ ਡਰਾਈਵਰ ’ਤੇ ਹੋਏ ਹਮਲੇ ਦਾ ਜ਼ਿਕਰ ਕੀਤਾ। ਰਿਪੋਰਟਾਂ ਮੁਤਾਬਕ ਡਰਾਈਵਰ ਨੂੰ 17 ਵਾਰ ਚਾਕੂ ਮਾਰਿਆ ਗਿਆ ਅਤੇ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਕਤਲ ਦੀ ਕੋਸ਼ਿਸ਼ ਦੇ ਦੋਸ਼ ਲਗਾਏ ਗਏ ਹਨ। ਹਾਲਾਂਕਿ ਅਧਿਕਾਰੀਆਂ ਨੇ ਹਾਲੇ ਹਮਲੇ ਦਾ ਕੋਈ ਨਸਲੀ ਜਾਂ ਧਾਰਮਿਕ ਮਕਸਦ ਤੈਅ ਨਹੀਂ ਕੀਤਾ ਹੈ।
ਵੜਿੰਗ ਨੇ ਅਮਰੀਕੀ ਹੋਮਲੈਂਡ ਸਿਕਿਓਰਿਟੀ ਵਿਭਾਗ ਵੱਲੋਂ 9 ਸਤੰਬਰ ਨੂੰ ਜਾਰੀ ਕੀਤੀ ਗਈ ‘ਮਿਸਟਰ ਸਿੰਘ’ ਵਾਲੀ ਸੋਸ਼ਲ ਮੀਡੀਆ ਪੋਸਟ ਦਾ ਵੀ ਹਵਾਲਾ ਦਿੱਤਾ। ਇਸ ਪੋਸਟ ਵਿੱਚ ਸਿੱਖ ਵਿਅਕਤੀ ਦੀ ਤਸਵੀਰ ਨਾਲ ਡਰਾਈਵਿੰਗ ਅਤੇ ਦੇਸ਼ ਛੱਡਣ ਸਬੰਧੀ ਸੰਦੇਸ਼ ਦਿੱਤਾ ਗਿਆ ਸੀ। ਪੋਸਟ ਨੂੰ ਬਾਅਦ ਵਿੱਚ ਹਟਾ ਦਿੱਤਾ ਗਿਆ ਅਤੇ ਇਸ ’ਤੇ ਅਮਰੀਕੀ ਸਿੱਖ ਤੇ ਭਾਰਤੀ ਮੂਲ ਦੇ ਆਗੂਆਂ ਵੱਲੋਂ ਇਤਰਾਜ਼ ਜਤਾਇਆ ਗਿਆ ਸੀ।
ਵੜਿੰਗ ਨੇ ਕਿਹਾ ਕਿ ਵਾਇਓਮਿੰਗ ਦੀ ਘਟਨਾ ਅਤੇ ਅਮਰੀਕੀ ਪੋਸਟ ਵਿਚਕਾਰ ਕੋਈ ਸਿੱਧਾ ਸਬੰਧ ਅਜੇ ਸਥਾਪਿਤ ਨਹੀਂ ਹੋਇਆ, ਪਰ ਸਿੱਖ ਭਾਈਚਾਰੇ ਦੀਆਂ ਚਿੰਤਾਵਾਂ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਇਸੇ ਤਰ੍ਹਾਂ ਉਨ੍ਹਾਂ ਇੰਗਲੈਂਡ ਵਿੱਚ 18 ਸਤੰਬਰ ਨੂੰ ਸਿੱਖ ਬੱਸ ਡਰਾਈਵਰ ਨਾਲ ਵਾਪਰੀ ਘਟਨਾ ਦਾ ਵੀ ਜ਼ਿਕਰ ਕੀਤਾ।
ਕਾਂਗਰਸ ਆਗੂ ਨੇ ਵਿਦੇਸ਼ ਮੰਤਰੀ ਨੂੰ ਅਪੀਲ ਕੀਤੀ ਕਿ ਨਵੀਂ ਦਿੱਲੀ ਸਥਿਤ ਅਮਰੀਕਾ ਅਤੇ ਯੂਕੇ ਦੇ ਡਿਪਲੋਮੈਟਾਂ ਕੋਲ ਭਾਰਤ ਦਾ ਪੱਖ ਰੱਖਿਆ ਜਾਵੇ ਅਤੇ ਸਿੱਖ ਨਾਗਰਿਕਾਂ ਦੀ ਸੁਰੱਖਿਆ ਤੇ ਸਨਮਾਨ ਯਕੀਨੀ ਬਣਾਉਣ ਲਈ ਦੋਵਾਂ ਸਰਕਾਰਾਂ ਨਾਲ ਗੱਲਬਾਤ ਕੀਤੀ ਜਾਵੇ।
ਹਿੰਦੂਸਥਾਨ ਸਮਾਚਾਰ / GURSHARAN SINGH