ਮੋਹਾਲੀ ਦੇ ਚੱਪੜਚਿੜੀ ਫਤਿਹ ਬੁਰਜ ਤੋਂ ਵਿਸ਼ਵ ਸੈਰ-ਸਪਾਟਾ ਦਿਵਸ ਮੋਟਰਸਾਈਕਲ ਰੈਲੀ ਨੂੰ ਹਰੀ ਝੰਡੀ
ਮੋਹਾਲੀ, 27 ਸਤੰਬਰ (ਹਿੰ.ਸ.)| ਵਿਸ਼ਵ ਸੈਰ-ਸਪਾਟਾ ਦਿਵਸ-2026 ਦੇ ਜਸ਼ਨਾਂ ਤਹਿਤ ਪੰਜਾਬ ਦੇ ਕੁਦਰਤੀ, ਵਾਤਾਵਰਣ-ਅਨੁਕੂਲ ਅਤੇ ਸਾਹਸੀ ਸੈਰ-ਸਪਾਟੇ ਦੀਆਂ ਸੰਭਾਵਨਾਵਾਂ ਨੂੰ ਉਜਾਗਰ ਕਰਨ ਲਈ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਵੱਲੋਂ ਮੋਟਰਸਾਈਕਲ ਰੈਲੀ ਕਰਵਾਈ ਗਈ। ਇਤਿਹਾਸਕ ਫਤਿਹ ਬੁਰਜ, ਚੱਪੜ ਚਿੜੀ
ਡਿਪਟੀ ਕਮਿਸ਼ਨਰ ਮੋਹਾਲੀ ਕੋਮਲ ਮਿੱਤਲ ਸੰਬੋਧਨ ਕਰਦੇ ਹੋਏ।


ਮੋਹਾਲੀ, 27 ਸਤੰਬਰ (ਹਿੰ.ਸ.)| ਵਿਸ਼ਵ ਸੈਰ-ਸਪਾਟਾ ਦਿਵਸ-2026 ਦੇ ਜਸ਼ਨਾਂ ਤਹਿਤ ਪੰਜਾਬ ਦੇ ਕੁਦਰਤੀ, ਵਾਤਾਵਰਣ-ਅਨੁਕੂਲ ਅਤੇ ਸਾਹਸੀ ਸੈਰ-ਸਪਾਟੇ ਦੀਆਂ ਸੰਭਾਵਨਾਵਾਂ ਨੂੰ ਉਜਾਗਰ ਕਰਨ ਲਈ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਵੱਲੋਂ ਮੋਟਰਸਾਈਕਲ ਰੈਲੀ ਕਰਵਾਈ ਗਈ। ਇਤਿਹਾਸਕ ਫਤਿਹ ਬੁਰਜ, ਚੱਪੜ ਚਿੜੀ ਤੋਂ ਡਿਪਟੀ ਕਮਿਸ਼ਨਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਕੋਮਲ ਮਿੱਤਲ ਅਤੇ ਡਾਇਰੈਕਟਰ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲੇ ਸੰਜੀਵ ਕੁਮਾਰ ਤਿਵਾੜੀ ਨੇ ਸਾਂਝੇ ਤੌਰ ’ਤੇ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

ਰੈਲੀ ਸਵੇਰੇ ਕਰੀਬ 6:30 ਵਜੇ ਚੱਪੜ ਚਿੜੀ ਤੋਂ ਸ਼ੁਰੂ ਹੋਈ ਅਤੇ ਬਲਾਚੌਰ ਰਾਹੀਂ ਨੇਚਰ ਰਿਟ੍ਰੀਟ ਚੌਹਾਲ, ਹੁਸ਼ਿਆਰਪੁਰ ਵੱਲ ਰਵਾਨਾ ਹੋਈ। ਇਸ ਦੌਰਾਨ ਰੈਲੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਰੂਪਨਗਰ, ਸ਼ਹੀਦ ਭਗਤ ਸਿੰਘ ਨਗਰ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿੱਚੋਂ ਲੰਘੀ। ਰੈਲੀ ਵਿੱਚ ਲਗਭਗ 50 ਤੋਂ 60 ਮੋਟਰਸਾਈਕਲ ਸਵਾਰਾਂ ਸਮੇਤ ਅਧਿਕਾਰੀਆਂ, ਕਰਮਚਾਰੀਆਂ ਅਤੇ ਹੋਰ ਭਾਗੀਦਾਰਾਂ ਨੇ ਹਿੱਸਾ ਲਿਆ। ਪਿੱਛੇ ਬੈਠਣ ਵਾਲੇ ਸਵਾਰਾਂ ਸਮੇਤ ਕੁੱਲ ਭਾਗੀਦਾਰੀ ਕਰੀਬ 70 ਤੋਂ 75 ਵਿਅਕਤੀਆਂ ਦੀ ਰਹੀ।

ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਕਿ ਪੰਜਾਬ ਦਾ ਸੈਰ-ਸਪਾਟਾ ਸਿਰਫ਼ ਇਤਿਹਾਸਕ ਅਤੇ ਧਾਰਮਿਕ ਸਥਾਨਾਂ ਤੱਕ ਸੀਮਤ ਨਹੀਂ ਹੈ। ਸੂਬੇ ਦੀ ਕੁਦਰਤੀ ਸੁੰਦਰਤਾ, ਸੱਭਿਆਚਾਰਕ ਵਿਰਾਸਤ ਅਤੇ ਵੱਖ-ਵੱਖ ਸੈਰ-ਸਪਾਟਾ ਅਨੁਭਵ ਵੀ ਇਸ ਦੀ ਵਿਸ਼ੇਸ਼ ਪਛਾਣ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਪਹਿਲਕਦਮੀਆਂ ਰਾਹੀਂ ਲੋਕਾਂ ਨੂੰ ਪੰਜਾਬ ਦੇ ਕੁਦਰਤੀ ਅਤੇ ਸੱਭਿਆਚਾਰਕ ਸਥਾਨਾਂ ਨਾਲ ਨੇੜਿਓਂ ਜੁੜਨ ਦਾ ਮੌਕਾ ਮਿਲਦਾ ਹੈ ਅਤੇ ਜ਼ਿੰਮੇਵਾਰ ਸੈਰ-ਸਪਾਟੇ ਨੂੰ ਵੀ ਉਤਸ਼ਾਹ ਮਿਲਦਾ ਹੈ।

ਡਾਇਰੈਕਟਰ ਸੰਜੀਵ ਕੁਮਾਰ ਤਿਵਾੜੀ ਨੇ ਕਿਹਾ ਕਿ ਰੈਲੀ ਦਾ ਉਦੇਸ਼ ਸੈਲਾਨੀਆਂ ਨੂੰ ਪੰਜਾਬ ਦੇ ਵੱਖ-ਵੱਖ ਸਥਾਨਾਂ ਨਾਲ ਦਿਲਚਸਪ ਅਤੇ ਵਿਹਾਰਕ ਢੰਗ ਨਾਲ ਜੋੜਨਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਅਜਿਹੇ ਸੈਰ-ਸਪਾਟਾ ਅਨੁਭਵਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਜੋ ਲੋਕਾਂ ਨੂੰ ਸੂਬੇ ਦੇ ਕੁਦਰਤੀ ਅਤੇ ਸੱਭਿਆਚਾਰਕ ਸਰਮਾਏ ਬਾਰੇ ਜਾਣਨ ਲਈ ਪ੍ਰੇਰਿਤ ਕਰਨ।

ਰੈਲੀ ਦੀ ਰਵਾਨਗੀ ਤੋਂ ਪਹਿਲਾਂ ਭਾਗੀਦਾਰਾਂ ਨੂੰ ਟ੍ਰੈਫਿਕ ਨਿਯਮਾਂ, ਸੜਕ ਸੁਰੱਖਿਆ ਅਤੇ ਸੁਰੱਖਿਅਤ ਢੰਗ ਨਾਲ ਮੋਟਰਸਾਈਕਲ ਚਲਾਉਣ ਸਬੰਧੀ ਲੋੜੀਂਦੀਆਂ ਹਦਾਇਤਾਂ ਦਿੱਤੀਆਂ ਗਈਆਂ। ਵਿਭਾਗ ਵੱਲੋਂ ਸਬੰਧਤ ਜ਼ਿਲ੍ਹਾ ਪ੍ਰਸ਼ਾਸਨਾਂ, ਟ੍ਰੈਫਿਕ ਪੁਲਿਸ ਅਤੇ ਹੋਰ ਵਿਭਾਗਾਂ ਨਾਲ ਤਾਲਮੇਲ ਕਰਕੇ ਰੈਲੀ ਦੀ ਸੁਚੱਜੀ ਅਤੇ ਸੁਰੱਖਿਅਤ ਆਵਾਜਾਈ ਯਕੀਨੀ ਬਣਾਈ ਗਈ।

ਨੇਚਰ ਰਿਟ੍ਰੀਟ ਚੌਹਾਲ ਵੱਲ ਰਵਾਨਾ ਹੋਈ ਇਸ ਰੈਲੀ ਨੇ ਵਿਸ਼ਵ ਸੈਰ-ਸਪਾਟਾ ਦਿਵਸ ਨੂੰ ਇੱਕ ਵਿਲੱਖਣ ਅਨੁਭਵ ਨਾਲ ਜੋੜਦਿਆਂ ਪੰਜਾਬ ਦੇ ਕੁਦਰਤੀ, ਵਾਤਾਵਰਣ-ਅਨੁਕੂਲ ਅਤੇ ਸਾਹਸੀ ਸੈਰ-ਸਪਾਟੇ ਦੀਆਂ ਸੰਭਾਵਨਾਵਾਂ ਨੂੰ ਉਜਾਗਰ ਕੀਤਾ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande