
ਸਰਕਾਰੀ ਹਸਪਤਾਲ ’ਚ ਆਹਮੋ-ਸਾਹਮਣੇ ਹੋਏ ਨੇਤਾ, ਮੰਤਰੀ ਦੀ ਰਿਪੋਰਟ ਨੈਗੇਟਿਵ ਆਉਣ ਮਗਰੋਂ ਸੈਂਪਲ ਲੈਣ ਦੀ ਪ੍ਰਕਿਰਿਆ ’ਤੇ ਉੱਠੇ ਸਵਾਲ
ਖੰਨਾ, 27 ਸਤੰਬਰ (ਹਿੰ.ਸ.)| ਪੰਜਾਬ ਵਿੱਚ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਸਿਆਸੀ ਤਕਰਾਰ ਦਰਮਿਆਨ ਪੰਜਾਬ ਦੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਨੇ ਐਤਵਾਰ ਨੂੰ ਖੰਨਾ ਦੇ ਸਰਕਾਰੀ ਹਸਪਤਾਲ ਵਿੱਚ ਡੋਪ ਟੈਸਟ ਕਰਵਾਇਆ। ਟੈਸਟ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਮੰਤਰੀ ਨੇ ਵਿਰੋਧੀ ਧਿਰ ’ਤੇ ਨਿਸ਼ਾਨਾ ਸਾਧਿਆ, ਜਦਕਿ ਅਕਾਲੀ ਦਲ ਅਤੇ ਕਾਂਗਰਸ ਦੇ ਆਗੂਆਂ ਨੇ ਸੈਂਪਲ ਲੈਣ ਦੀ ਪ੍ਰਕਿਰਿਆ ’ਤੇ ਸਵਾਲ ਚੁੱਕੇ।
ਮੰਤਰੀ ਸੌਂਧ ਸਵੇਰੇ ਕਰੀਬ 10:50 ਵਜੇ ਸਰਕਾਰੀ ਹਸਪਤਾਲ ਪਹੁੰਚੇ। ਐੱਸਐੱਮਓ ਡਾ. ਮਨਿੰਦਰ ਸਿੰਘ ਭਸੀਨ ਦੇ ਕਮਰੇ ਵਿੱਚ ਉਨ੍ਹਾਂ ਦਾ ਯੂਰੀਨ ਸੈਂਪਲ ਲਿਆ ਗਿਆ, ਜਿਸ ਦੀ ਰਿਪੋਰਟ ਨੈਗੇਟਿਵ ਆਈ। ਇਸ ਤੋਂ ਬਾਅਦ ਅਕਾਲੀ ਦਲ ਦੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਅਤੇ ਕਾਂਗਰਸ ਦੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਵੀ ਹਸਪਤਾਲ ਪਹੁੰਚੇ ਅਤੇ ਉਨ੍ਹਾਂ ਨੇ ਵੀ ਆਪਣਾ ਡੋਪ ਟੈਸਟ ਕਰਵਾਇਆ। ਦੋਵਾਂ ਦੀਆਂ ਰਿਪੋਰਟਾਂ ਵੀ ਨੈਗੇਟਿਵ ਆਈਆਂ।
ਮੰਤਰੀ ਦਾ ਸੈਂਪਲ ਪਹਿਲਾਂ ਲਏ ਜਾਣ ਨੂੰ ਲੈ ਕੇ ਐੱਸਐੱਮਓ ਦੇ ਕਮਰੇ ਵਿੱਚ ਆਗੂਆਂ ਵਿਚਾਲੇ ਤਿੱਖੀ ਬਹਿਸ ਹੋ ਗਈ। ਮਾਹੌਲ ਇੰਨਾ ਗਰਮ ਹੋ ਗਿਆ ਕਿ ਹੱਥੋਪਾਈ ਦੀ ਨੌਬਤ ਆ ਗਈ। ਪੁਲਿਸ ਨੇ ਮੌਕੇ ’ਤੇ ਦਖਲ ਦੇ ਕੇ ਸਥਿਤੀ ਨੂੰ ਕਾਬੂ ਕੀਤਾ ਅਤੇ ਮੰਤਰੀ ਸੌਂਧ ਨੂੰ ਹਸਪਤਾਲ ਤੋਂ ਬਾਹਰ ਲਿਆਂਦਾ।
ਇਹ ਮਾਮਲਾ ਖੰਨਾ ਦੀ ਸਿਆਸਤ ਵਿੱਚ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਸ਼ੁਰੂ ਹੋਏ ਡੋਪ ਟੈਸਟ ਚੈਲੇਂਜ ਨਾਲ ਜੁੜਿਆ ਹੈ। ਜਾਣਕਾਰੀ ਅਨੁਸਾਰ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਨੇ ਇੱਕ ਪ੍ਰੋਗਰਾਮ ਦੌਰਾਨ ਪਿਛਲੀਆਂ ਸਰਕਾਰਾਂ ਦੇ ਕੰਮਕਾਜ ਨੂੰ ਲੈ ਕੇ ਟਿੱਪਣੀ ਕੀਤੀ ਸੀ। ਇਸ ਤੋਂ ਬਾਅਦ ਅਕਾਲੀ ਦਲ ਦੇ ਆਗੂ ਯਾਦਵਿੰਦਰ ਸਿੰਘ ਯਾਦੂ ਅਤੇ ਕਾਂਗਰਸ ਦੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਉਨ੍ਹਾਂ ਨੂੰ ਬਹਿਸ ਦੇ ਨਾਲ ਡੋਪ ਟੈਸਟ ਦੀ ਚੁਣੌਤੀ ਦਿੱਤੀ ਸੀ।
ਡੋਪ ਟੈਸਟ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਨੇ ਵਿਰੋਧੀ ਆਗੂਆਂ ਦੇ ਦੋਸ਼ਾਂ ਨੂੰ ਰੱਦ ਕੀਤਾ। ਉਨ੍ਹਾਂ ਕਿਹਾ ਕਿ ਵਿਰੋਧੀਆਂ ਕੋਲ ਕੋਈ ਮੁੱਦਾ ਨਹੀਂ ਹੈ, ਇਸ ਲਈ ਜਾਣਬੁੱਝ ਕੇ ਬੇਬੁਨਿਆਦ ਦੋਸ਼ ਲਗਾਏ ਜਾ ਰਹੇ ਹਨ। ਸੌਂਧ ਨੇ ਕਿਹਾ ਕਿ ਵਿਰੋਧੀ ਵਿਕਾਸ ਦੇ ਮੁੱਦੇ ’ਤੇ ਬਹਿਸ ਨਹੀਂ ਕਰ ਸਕਦੇ ਅਤੇ ਉਨ੍ਹਾਂ ਦੀ ਡੋਪ ਟੈਸਟ ਰਿਪੋਰਟ ਹੁਣ ਜਨਤਾ ਦੇ ਸਾਹਮਣੇ ਹੈ।
ਅਕਾਲੀ ਦਲ ਦੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਨੇ ਦੋਸ਼ ਲਗਾਇਆ ਕਿ ਮੰਤਰੀ ਦਾ ਸੈਂਪਲ ਸਹੀ ਢੰਗ ਨਾਲ ਨਹੀਂ ਲਿਆ ਗਿਆ ਅਤੇ ਇਸੇ ਆਧਾਰ ’ਤੇ ਰਿਪੋਰਟ ਤਿਆਰ ਕੀਤੀ ਗਈ। ਉਨ੍ਹਾਂ ਐੱਸਐੱਮਓ ਦੀ ਭੂਮਿਕਾ ’ਤੇ ਵੀ ਸਵਾਲ ਚੁੱਕੇ।
ਯਾਦੂ ਨੇ ਕਿਹਾ ਕਿ ਜੇਕਰ ਮੰਤਰੀ ਨੂੰ ਆਪਣੀ ਰਿਪੋਰਟ ’ਤੇ ਪੂਰਾ ਭਰੋਸਾ ਹੈ ਤਾਂ ਉਹ ਉਨ੍ਹਾਂ ਨਾਲ ਪੀਜੀਆਈ ਅਤੇ ਅੰਬਾਲਾ ਜਾ ਕੇ ਵੀ ਡੋਪ ਟੈਸਟ ਕਰਵਾਉਣ। ਉਨ੍ਹਾਂ ਕਿਹਾ ਕਿ ਉਹ ਖੁਦ ਵੀ ਉਥੇ ਟੈਸਟ ਕਰਵਾਉਣਗੇ ਅਤੇ ਰਿਪੋਰਟ ਜਨਤਕ ਕਰਨਗੇ।
ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਦੋਸ਼ ਲਗਾਇਆ ਕਿ ਮੰਤਰੀ ਦਾ ਸੈਂਪਲ ਪਾਰਦਰਸ਼ੀ ਢੰਗ ਨਾਲ ਨਹੀਂ ਲਿਆ ਗਿਆ। ਉਨ੍ਹਾਂ ਕਿਹਾ ਕਿ ਨਾ ਤਾਂ ਸੈਂਪਲ ਦੇਣ ਦੀ ਪ੍ਰਕਿਰਿਆ ਲਾਈਵ ਕੀਤੀ ਗਈ ਅਤੇ ਨਾ ਹੀ ਕੈਮਰੇ ਦੇ ਸਾਹਮਣੇ ਜਾਂਚ ਕਰਵਾਈ ਗਈ।
ਕੋਟਲੀ ਨੇ ਸਵਾਲ ਕੀਤਾ ਕਿ ਜੇਕਰ ਪੂਰੀ ਪ੍ਰਕਿਰਿਆ ਪਾਰਦਰਸ਼ੀ ਸੀ ਤਾਂ ਸੈਂਪਲ ਲੈਣ ਤੋਂ ਲੈ ਕੇ ਜਾਂਚ ਅਤੇ ਰਿਪੋਰਟ ਤਿਆਰ ਹੋਣ ਤੱਕ ਦੀ ਕਾਰਵਾਈ ਕੈਮਰੇ ਦੇ ਸਾਹਮਣੇ ਕਿਉਂ ਨਹੀਂ ਕੀਤੀ ਗਈ।
ਹਿੰਦੂਸਥਾਨ ਸਮਾਚਾਰ / GURSHARAN SINGH