
ਖਾਲੜਾ, 28 ਸਤੰਬਰ (ਹਿੰ.ਸ.)| ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਤਰਨਤਾਰਨ ਜ਼ਿਲ੍ਹੇ ਦੇ ਖਾਲੜਾ ਇਲਾਕੇ ਵਿੱਚ ਬੀਐਸਐਫ ਅਤੇ ਪੰਜਾਬ ਪੁਲਿਸ ਨੇ ਸਾਂਝੀ ਕਾਰਵਾਈ ਕਰਦਿਆਂ ਦੋ ਪਿਸਤੌਲ, ਦੋ ਮੈਗਜ਼ੀਨ ਅਤੇ ਦੋ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਇਸ ਮਾਮਲੇ ਵਿੱਚ ਪੁਲਿਸ ਨੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਖ਼ਿਲਾਫ਼ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।
ਥਾਣਾ ਖਾਲੜਾ ਦੇ ਏਐਸਆਈ ਗੁਰਨਾਮ ਸਿੰਘ ਅਨੁਸਾਰ ਬੀਐਸਐਫਦੀ ਟੀਮ ਵੱਲੋਂ ਕਲਸੀਆ ਖੁਰਦ ਦੇ ਖੇਤਾਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਸੀ। ਇਸ ਦੌਰਾਨ ਜੋਬਨਜੀਤ ਸਿੰਘ ਨੂੰ ਇੱਕ ਪੀਲੇ ਰੰਗ ਦੇ ਪੈਕੇਟ ਸਮੇਤ ਕਾਬੂ ਕੀਤਾ ਗਿਆ। ਪੈਕੇਟ ਦੀ ਜਾਂਚ ਕਰਨ ’ਤੇ ਉਸ ਵਿੱਚੋਂ ਇੱਕ ਪਿਸਤੌਲ ਅਤੇ ਇੱਕ ਮੈਗਜ਼ੀਨ ਬਰਾਮਦ ਹੋਈ। ਪੁਲਿਸ ਮੁਤਾਬਕ ਮੁੱਢਲੀ ਪੁੱਛਗਿੱਛ ਤੋਂ ਬਾਅਦ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਕਲਸੀਆ ਖੁਰਦ ਦੀ ਡਿਫੈਂਸ ਡਰੇਨ ਵਿੱਚੋਂ ਇੱਕ ਹੋਰ ਪਿਸਤੌਲ, ਇੱਕ ਮੈਗਜ਼ੀਨ ਅਤੇ ਦੋ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ। ਇਸ ਤਰ੍ਹਾਂ ਸਾਂਝੀ ਕਾਰਵਾਈ ਦੌਰਾਨ ਕੁੱਲ ਦੋ ਪਿਸਤੌਲ, ਦੋ ਮੈਗਜ਼ੀਨ ਅਤੇ ਦੋ ਜ਼ਿੰਦਾ ਕਾਰਤੂਸ ਪੁਲਿਸ ਦੇ ਕਬਜ਼ੇ ਵਿੱਚ ਆਏ ਹਨ।
ਪੁਲਿਸ ਨੇ ਮੁਲਜ਼ਮ ਜੋਬਨਜੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਏਜੰਸੀਆਂ ਨੂੰ ਮੁੱਢਲੀ ਜਾਂਚ ਦੌਰਾਨ ਸ਼ੱਕ ਹੈ ਕਿ ਬਰਾਮਦ ਕੀਤੇ ਗਏ ਹਥਿਆਰ ਪਾਕਿਸਤਾਨ ਵਾਲੇ ਪਾਸਿਓਂ ਮੰਗਵਾਏ ਗਏ ਹੋ ਸਕਦੇ ਹਨ। ਹਾਲਾਂਕਿ ਹਥਿਆਰਾਂ ਦੇ ਸਰੋਤ ਅਤੇ ਉਨ੍ਹਾਂ ਨੂੰ ਭਾਰਤ ਵਿੱਚ ਪਹੁੰਚਾਉਣ ਦੇ ਢੰਗ ਬਾਰੇ ਜਾਂਚ ਜਾਰੀ ਹੈ। ਪੁਲਿਸ ਵੱਲੋਂ ਮੁਲਜ਼ਮ ਤੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹਥਿਆਰ ਕਿਸ ਵਿਅਕਤੀ ਜਾਂ ਨੈੱਟਵਰਕ ਤੋਂ ਪ੍ਰਾਪਤ ਕੀਤੇ ਗਏ ਸਨ ਅਤੇ ਇਨ੍ਹਾਂ ਨੂੰ ਕਿਸ ਮਕਸਦ ਲਈ ਵਰਤਿਆ ਜਾਣਾ ਸੀ। ਸਰਹੱਦੀ ਖੇਤਰ ਵਿੱਚ ਹਥਿਆਰਾਂ ਦੀ ਤਸਕਰੀ ਨਾਲ ਜੁੜੇ ਹੋਰ ਵਿਅਕਤੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH