ਅੰਮ੍ਰਿਤਸਰ ਪੁਲਿਸ ਵੱਲੋਂ ਕਾਲਜ ਵਿਦਿਆਰਥੀਆਂ ਨਾਲ ਸਿੱਧੀ ਗੱਲਬਾਤ, ਨਸ਼ਿਆਂ ਅਤੇ ਟਰੈਫਿਕ ਨਿਯਮਾਂ ਬਾਰੇ ਕੀਤਾ ਜਾਗਰੂਕ
ਅੰਮ੍ਰਿਤਸਰ, 29 ਸਤੰਬਰ (ਹਿੰ.ਸ.)| ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ, ਆਈ.ਪੀ.ਐੱਸ. ਦੀਆਂ ਹਦਾਇਤਾਂ ਤਹਿਤ ਸ਼ਹਿਰ ਦੇ ਵੱਖ-ਵੱਖ ਕਾਲਜਾਂ ਵਿੱਚ ਵਿਦਿਆਰਥੀਆਂ ਨਾਲ ਵਿਸ਼ੇਸ਼ ਇੰਟਰੈਕਸ਼ਨ ਪ੍ਰੋਗਰਾਮ ਕਰਵਾਏ ਗਏ। ਇਸ ਦੌਰਾਨ ਪੁਲਿਸ ਅਧਿਕਾਰੀਆਂ ਨੇ ਵਿਦਿਆਰਥੀਆਂ ਨਾਲ
ਸਕਰਨਜੀਤ ਸਿੰਘ ਤੇਜਾ, ਡੀਸੀਪੀ ਸਿਟੀ, ਅੰਮ੍ਰਿਤਸਰ ਜਾਣਕਾਰੀ ਦਿੰਦੇ ਹੋਏ।


ਅੰਮ੍ਰਿਤਸਰ, 29 ਸਤੰਬਰ (ਹਿੰ.ਸ.)| ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ, ਆਈ.ਪੀ.ਐੱਸ. ਦੀਆਂ ਹਦਾਇਤਾਂ ਤਹਿਤ ਸ਼ਹਿਰ ਦੇ ਵੱਖ-ਵੱਖ ਕਾਲਜਾਂ ਵਿੱਚ ਵਿਦਿਆਰਥੀਆਂ ਨਾਲ ਵਿਸ਼ੇਸ਼ ਇੰਟਰੈਕਸ਼ਨ ਪ੍ਰੋਗਰਾਮ ਕਰਵਾਏ ਗਏ। ਇਸ ਦੌਰਾਨ ਪੁਲਿਸ ਅਧਿਕਾਰੀਆਂ ਨੇ ਵਿਦਿਆਰਥੀਆਂ ਨਾਲ ਸਿੱਧੀ ਗੱਲਬਾਤ ਕਰਦਿਆਂ ਪੁਲਿਸ ਦੀ ਕਾਰਜਪ੍ਰਣਾਲੀ, ਨਸ਼ਿਆਂ ਦੇ ਮਾੜੇ ਪ੍ਰਭਾਵਾਂ, ਟਰੈਫਿਕ ਨਿਯਮਾਂ ਦੀ ਪਾਲਣਾ ਅਤੇ ਐਮਰਜੈਂਸੀ ਸੇਵਾ 112 ਬਾਰੇ ਜਾਣਕਾਰੀ ਸਾਂਝੀ ਕੀਤੀ।

ਇੰਟਰੈਕਸ਼ਨ ਦੌਰਾਨ ਕਾਲਜਾਂ ਦੇ ਪ੍ਰਿੰਸੀਪਲਾਂ, ਸਟਾਫ਼ ਅਤੇ ਵਿਦਿਆਰਥੀਆਂ ਨਾਲ ਵਿਸਥਾਰਪੂਰਵਕ ਗੱਲਬਾਤ ਕੀਤੀ ਗਈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਲੋਕਾਂ ਦੀ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਪੁਲਿਸ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਤੋਂ ਇਲਾਵਾ ਕਿਸੇ ਵੀ ਸਮੱਸਿਆ ਜਾਂ ਸ਼ਿਕਾਇਤ ਦੀ ਸਥਿਤੀ ਵਿੱਚ ਪੁਲਿਸ ਨਾਲ ਕਿਵੇਂ ਸੰਪਰਕ ਕੀਤਾ ਜਾ ਸਕਦਾ ਹੈ। ਵਿਦਿਆਰਥੀਆਂ ਨੂੰ ਆਪਣੀਆਂ ਸਮੱਸਿਆਵਾਂ ਅਤੇ ਚਿੰਤਾਵਾਂ ਖੁੱਲ੍ਹ ਕੇ ਸਾਂਝੀਆਂ ਕਰਨ ਦਾ ਮੌਕਾ ਵੀ ਦਿੱਤਾ ਗਿਆ।

ਪੁਲਿਸ ਅਧਿਕਾਰੀਆਂ ਨੇ ਨੌਜਵਾਨਾਂ ਨੂੰ ਨਸ਼ਿਆਂ ਦੇ ਸਰੀਰਕ, ਮਾਨਸਿਕ ਅਤੇ ਸਮਾਜਿਕ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੇ ਨਾਲ-ਨਾਲ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਵੀ ਨਸ਼ਿਆਂ ਤੋਂ ਬਚਾਉਣ ਲਈ ਜਾਗਰੂਕ ਕਰਨ ਦੀ ਅਪੀਲ ਕੀਤੀ। ਕਿਸੇ ਵੀ ਸ਼ੱਕੀ ਗਤੀਵਿਧੀ ਦੀ ਜਾਣਕਾਰੀ ਪੁਲਿਸ ਤੱਕ ਪਹੁੰਚਾਉਣ ਲਈ ਵੀ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਗਿਆ।

ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਸੜਕ ਸੁਰੱਖਿਆ ਪ੍ਰਤੀ ਜ਼ਿੰਮੇਵਾਰੀ ਨਿਭਾਉਣ ਲਈ ਵੀ ਜਾਗਰੂਕ ਕੀਤਾ ਗਿਆ। ਪੁਲਿਸ ਵੱਲੋਂ 112 ਐਮਰਜੈਂਸੀ ਹੈਲਪਲਾਈਨ ਦੀ ਵਰਤੋਂ ਸਬੰਧੀ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਐਮਰਜੈਂਸੀ ਜਾਂ ਪੁਲਿਸ ਸਹਾਇਤਾ ਦੀ ਲੋੜ ਪੈਣ ’ਤੇ 112 ਰਾਹੀਂ ਪੁਲਿਸ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਸਬੰਧਤ ਥਾਣਿਆਂ, ਇਲਾਕਾ ਅਧਿਕਾਰੀਆਂ ਅਤੇ ਪੀਸੀਆਰ/ਕੰਟਰੋਲ ਰੂਮ ਦੇ ਸੰਪਰਕ ਨੰਬਰ ਵੀ ਸਾਂਝੇ ਕੀਤੇ ਗਏ।

ਪੁਲਿਸ ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਸੋਸ਼ਲ ਮੀਡੀਆ ’ਤੇ ਫੈਲਣ ਵਾਲੀਆਂ ਅਫਵਾਹਾਂ ’ਤੇ ਭਰੋਸਾ ਨਾ ਕਰਨ ਅਤੇ ਬਿਨਾਂ ਤਸਦੀਕ ਕਿਸੇ ਵੀ ਜਾਣਕਾਰੀ ਨੂੰ ਅੱਗੇ ਸਾਂਝਾ ਨਾ ਕਰਨ। ਕਿਸੇ ਵੀ ਸ਼ੱਕ ਜਾਂ ਸਮੱਸਿਆ ਦੀ ਸਥਿਤੀ ਵਿੱਚ ਸਿੱਧੇ ਤੌਰ ’ਤੇ ਪੁਲਿਸ ਜਾਂ ਕਾਲਜ ਪ੍ਰਸ਼ਾਸਨ ਨਾਲ ਸੰਪਰਕ ਕਰਨ ਲਈ ਕਿਹਾ ਗਿਆ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਸੁਰੱਖਿਅਤ ਮਾਹੌਲ ਅਤੇ ਸਹੀ ਦਿਸ਼ਾ ਦੇਣਾ ਪੁਲਿਸ, ਵਿਦਿਅਕ ਸੰਸਥਾਵਾਂ, ਮਾਪਿਆਂ ਅਤੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ।

ਇਸ ਮੌਕੇ ਡੀ.ਸੀ.ਪੀ. ਲਾਅ ਐਂਡ ਆਰਡਰ ਰਵਿੰਦਰ ਪਾਲ ਸਿੰਘ ਸੰਧੂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਖਾਲਸਾ ਯੂਨੀਵਰਸਿਟੀ ਵਿਖੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਡੀ.ਸੀ.ਪੀ. ਸਿਟੀ ਜਸਕਰਨਜੀਤ ਸਿੰਘ ਤੇਜ਼ਾ ਨੇ ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਵਿਖੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ।

ਏ.ਡੀ.ਸੀ.ਪੀ. ਸਥਾਨਕ ਮਨਜੀਤ ਕੌਰ ਨੇ ਬੀ.ਬੀ.ਕੇ. ਡੀ.ਏ.ਵੀ. ਕਾਲਜ ਫਾਰ ਵੂਮੈਨ, ਲਾਰੈਂਸ ਰੋਡ ਵਿਖੇ, ਏ.ਡੀ.ਸੀ.ਪੀ. ਸਪੈਸ਼ਲ ਪਰਵਿੰਦਰ ਕੌਰ ਨੇ ਸਰੂਪ ਰਾਣੀ ਸਰਕਾਰੀ ਕਾਲਜ ਫਾਰ ਵੂਮੈਨ ਵਿਖੇ ਅਤੇ ਏ.ਡੀ.ਸੀ.ਪੀ. ਸਿਟੀ-2 ਸਿਰੀਵਨਿੱਲਾ ਨੇ ਸ਼ਹਿਜ਼ਾਦਾ ਨੰਦ ਕਾਲਜ, ਗਰੀਨ ਐਵੇਨਿਊ ਵਿਖੇ ਵਿਦਿਆਰਥੀਆਂ ਨਾਲ ਇੰਟਰੈਕਸ਼ਨ ਕੀਤਾ।

ਇਸੇ ਤਰ੍ਹਾਂ ਏ.ਡੀ.ਸੀ.ਪੀ. ਪੀ.ਬੀ.ਆਈ. ਗੁਰਪ੍ਰਤਾਪ ਸਿੰਘ ਸਹੋਤਾ ਨੇ ਹਿੰਦੂ ਕਾਲਜ, ਏ.ਡੀ.ਸੀ.ਪੀ. ਸਿਟੀ-1 ਯੋਗੇਸ਼ਵਰ ਗੋਰਾਇਆ ਨੇ ਡੀ.ਏ.ਵੀ. ਕਾਲਜ, ਹਾਥੀ ਗੇਟ ਅਤੇ ਏ.ਡੀ.ਸੀ.ਪੀ. ਇਨਵੈਸਟੀਗੇਸ਼ਨ ਜਯੰਤ ਪੁਰੀ ਨੇ ਮਾਈ ਭਾਗੋ ਕਾਲਜ, ਮਜੀਠਾ ਰੋਡ ਵਿਖੇ ਵਿਦਿਆਰਥੀਆਂ ਨਾਲ ਸਿੱਧੀ ਗੱਲਬਾਤ ਕੀਤੀ।

ਕਾਲਜ ਪ੍ਰਸ਼ਾਸਨ ਅਤੇ ਵਿਦਿਆਰਥੀਆਂ ਨੇ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਕੀਤੀ ਗਈ ਇਸ ਜਾਗਰੂਕਤਾ ਪਹਿਲਕਦਮੀ ਦਾ ਸਵਾਗਤ ਕੀਤਾ। ਪੁਲਿਸ ਵੱਲੋਂ ਅਜਿਹੇ ਪ੍ਰੋਗਰਾਮਾਂ ਰਾਹੀਂ ਨੌਜਵਾਨਾਂ ਨਾਲ ਸਿੱਧਾ ਸੰਪਰਕ ਮਜ਼ਬੂਤ ਕਰਨ ਅਤੇ ਉਨ੍ਹਾਂ ਨੂੰ ਸੁਰੱਖਿਆ, ਨਸ਼ਾ ਵਿਰੋਧੀ ਮੁਹਿੰਮ ਅਤੇ ਐਮਰਜੈਂਸੀ ਸੇਵਾਵਾਂ ਬਾਰੇ ਜਾਣਕਾਰੀ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande