
ਫਾਜ਼ਿਲਕਾ, 04 ਸਤੰਬਰ (ਹਿੰ.ਸ.)| ਪੰਜਾਬ ਸਰਕਾਰ ਵੱਲੋਂ ਨਿਰੋਗ ਅਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਦੇ ਉਦੇਸ਼ ਨਾਲ ਚਲਾਈ ਜਾ ਰਹੀ ਸੀ.ਐੱਮ. ਦੀ ਯੋਗਸ਼ਾਲਾ ਮੁਹਿੰਮ ਤਹਿਤ ਫਾਜ਼ਿਲਕਾ ਜ਼ਿਲ੍ਹੇ ਵਿੱਚ ਹਜ਼ਾਰਾਂ ਨੌਜਵਾਨ ਅਤੇ ਬਜ਼ੁਰਗ ਰੋਜ਼ਾਨਾ ਮੁਫ਼ਤ ਯੋਗਾ ਕਲਾਸਾਂ ਦਾ ਲਾਭ ਲੈ ਰਹੇ ਹਨ। ਜ਼ਿਲ੍ਹੇ ਦੇ ਵੱਖ-ਵੱਖ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਸਵੇਰੇ ਅਤੇ ਸ਼ਾਮ ਯੋਗਾ ਦੀਆਂ ਕਲਾਸਾਂ ਲਗਾਈਆਂ ਜਾ ਰਹੀਆਂ ਹਨ।
ਫਾਜ਼ਿਲਕਾ ਯੋਗਾ ਕੋਆਰਡੀਨੇਟਰ ਰਾਧੇ ਸ਼ਾਮ ਨੇ ਦੱਸਿਆ ਕਿ ਅਬੋਹਰ ਦੀ ਢਾਣੀ ਕਰਨੈਲ ਸਿੰਘ ਤੋਂ 95 ਸਾਲਾ ਮਾਤਾ ਭਾਗਾ ਬਾਈ ਰੋਜ਼ਾਨਾ ਯੋਗਾ ਕਰਨ ਲਈ ਪਹੁੰਚ ਰਹੇ ਹਨ। ਉਨ੍ਹਾਂ ਦੀ ਨਿਯਮਿਤ ਯੋਗਾ ਪ੍ਰਤੀ ਲਗਨ ਨੌਜਵਾਨਾਂ ਅਤੇ ਬਜ਼ੁਰਗਾਂ ਲਈ ਪ੍ਰੇਰਣਾ ਬਣੀ ਹੋਈ ਹੈ।
ਉਨ੍ਹਾਂ ਦੱਸਿਆ ਕਿ ਯੋਗਾ ਕਲਾਸਾਂ ਵਿੱਚ ਨਿਯਮਿਤ ਤੌਰ ’ਤੇ ਹਿੱਸਾ ਲੈਣ ਵਾਲੇ ਲੋਕਾਂ ਵੱਲੋਂ ਸਿਹਤ ਵਿੱਚ ਸੁਧਾਰ ਦੇ ਅਨੁਭਵ ਵੀ ਸਾਂਝੇ ਕੀਤੇ ਗਏ ਹਨ। ਰਿੰਪਲ ਅਤੇ ਨੀਤੂ ਬਾਲਾ ਨੇ ਸਰਵਾਈਕਲ ਦੀ ਸਮੱਸਿਆ ਵਿੱਚ ਰਾਹਤ ਮਿਲਣ ਦੀ ਗੱਲ ਦੱਸੀ, ਜਦਕਿ ਬਿਮਲਾ ਰਾਣੀ ਨੇ ਹਾਈ ਬਲੱਡ ਪ੍ਰੈਸ਼ਰ ਅਤੇ ਸਵਰਨਾ ਰਾਣੀ ਨੇ ਪਿਸ਼ਾਬ ਨਾਲ ਸਬੰਧਤ ਸਮੱਸਿਆ ਵਿੱਚ ਲਾਭ ਹੋਣ ਦਾ ਅਨੁਭਵ ਸਾਂਝਾ ਕੀਤਾ।
ਰਾਧੇ ਸ਼ਾਮ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 110 ਯੋਗਾ ਟਰੇਨਰਾਂ ਵੱਲੋਂ 575 ਯੋਗਾ ਕਲਾਸਾਂ ਚਲਾਈਆਂ ਜਾ ਰਹੀਆਂ ਹਨ ਅਤੇ ਹੁਣ ਤੱਕ ਕਰੀਬ 23 ਹਜ਼ਾਰ ਮੈਂਬਰ ਇਨ੍ਹਾਂ ਕਲਾਸਾਂ ਨਾਲ ਰਜਿਸਟਰਡ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਯੋਗਾ ਨਾਲ ਲੋਕਾਂ ਦੀ ਸਰੀਰਕ ਤੰਦਰੁਸਤੀ ਦੇ ਨਾਲ-ਨਾਲ ਮਾਨਸਿਕ ਸਿਹਤ ਪ੍ਰਤੀ ਵੀ ਜਾਗਰੂਕਤਾ ਵਧ ਰਹੀ ਹੈ।
ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਰੋਜ਼ਾਨਾ ਜੀਵਨ ਵਿੱਚ ਯੋਗਾ ਨੂੰ ਸ਼ਾਮਲ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਪਿੰਡ ਜਾਂ ਮੁਹੱਲੇ ਵਿੱਚ ਘੱਟੋ-ਘੱਟ 25 ਵਿਅਕਤੀ ਯੋਗਾ ਕਲਾਸ ਸ਼ੁਰੂ ਕਰਵਾਉਣ ਦੇ ਇੱਛੁਕ ਹੋਣ ਤਾਂ ਪੰਜਾਬ ਸਰਕਾਰ ਵੱਲੋਂ ਉੱਥੇ ਮੁਫ਼ਤ ਯੋਗਾ ਟਰੇਨਰ ਦੀ ਵਿਵਸਥਾ ਕੀਤੀ ਜਾਵੇਗੀ।
ਯੋਗਾ ਕਲਾਸਾਂ ਸ਼ੁਰੂ ਕਰਵਾਉਣ ਜਾਂ ਹੋਰ ਜਾਣਕਾਰੀ ਲਈ 76694-00500 ’ਤੇ ਮਿਸਡ ਕਾਲ, 78888-40148 ’ਤੇ ਸੰਪਰਕ ਜਾਂ cmdiyogshala.punjab.gov.in ’ਤੇ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH