
ਪਟਿਆਲਾ, 04 ਸਤੰਬਰ (ਹਿੰ.ਸ.)| ਪੰਜਾਬ ਰਾਜ ਭਰ ਵਿੱਚ ਵਿਸ਼ੇਸ਼ ਗਹਿਰੀ ਸੁਧਾਈ -2026 ਦੀ ਪ੍ਰਕਿਰਿਆ ਸੁਚਾਰੂ ਢੰਗ ਨਾਲ ਚੱਲ ਰਹੀ ਹੈ। ਇਸ ਦੌਰਾਨ ਕੁਝ ਮੀਡੀਆ ਪਲੇਟਫਾਰਮਾਂ ’ਤੇ ਪਟਿਆਲਾ ਤੋਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਮ 13 ਅਗਸਤ 2026 ਨੂੰ ਪ੍ਰਕਾਸ਼ਿਤ ਡਰਾਫਟ ਵੋਟਰ ਸੂਚੀ ਵਿੱਚੋਂ ਗਾਇਬ ਹੋਣ ਸਬੰਧੀ ਖ਼ਬਰਾਂ ਪ੍ਰਕਾਸ਼ਿਤ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸਬੰਧਤ ਅਧਿਕਾਰੀਆਂ ਵੱਲੋਂ ਇਨ੍ਹਾਂ ਖ਼ਬਰਾਂ ਨੂੰ ਗਲਤ, ਬੇ-ਬੁਨਿਆਦ ਅਤੇ ਤੱਥਾਂ ਤੋਂ ਰਹਿਤ ਦੱਸਦਿਆਂ ਸਪਸ਼ਟ ਕੀਤਾ ਗਿਆ ਹੈ ਕਿ ਡਾ. ਧਰਮਵੀਰ ਗਾਂਧੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਮ 13 ਅਗਸਤ 2026 ਨੂੰ ਪ੍ਰਕਾਸ਼ਿਤ ਡਰਾਫਟ ਵੋਟਰ ਸੂਚੀ ਵਿੱਚ ਪੂਰੀ ਤਰ੍ਹਾਂ ਦਰਜ ਹਨ।
ਜਾਣਕਾਰੀ ਅਨੁਸਾਰ ਡਾ. ਧਰਮਵੀਰ ਗਾਂਧੀ ਵਿਧਾਨ ਸਭਾ ਹਲਕਾ ਨੰਬਰ 115-ਪਟਿਆਲਾ ਦੇ ਭਾਗ ਨੰਬਰ 98 ਵਿੱਚ ਲੜੀ ਨੰਬਰ 44 ਤੋਂ 48 ਤੱਕ ਵੋਟਰ ਵਜੋਂ ਦਰਜ ਹਨ। ਲੜੀ ਨੰਬਰ 44 ’ਤੇ ਸ੍ਰੀਮਤੀ ਜਗਦੰਬਾ ਕੌਸ਼ਲ, ਧਰਮ ਪਤਨੀ ਡਾ. ਧਰਮਵੀਰ ਗਾਂਧੀ, ਲੜੀ ਨੰਬਰ 45 ’ਤੇ ਕੁਮਾਰੀ ਰੋਹਾਨੀ ਪ੍ਰਾਸ਼ਰ, ਲੜੀ ਨੰਬਰ 46 ’ਤੇ ਸ੍ਰੀਮਤੀ ਚਾਹਤ ਸਾਹੂਜਾ, ਲੜੀ ਨੰਬਰ 47 ’ਤੇ ਸ੍ਰੀ ਨਬੇਂਦੂ ਅਤੇ ਲੜੀ ਨੰਬਰ 48 ’ਤੇ ਡਾ. ਧਰਮਵੀਰ ਗਾਂਧੀ, ਸੰਸਦ ਮੈਂਬਰ, ਦਾ ਨਾਮ ਦਰਜ ਹੈ।
ਅਧਿਕਾਰੀਆਂ ਵੱਲੋਂ ਸਾਰੇ ਮੀਡੀਆ ਪਲੇਟਫਾਰਮਾਂ ਅਤੇ ਮੀਡੀਆ ਕਰਮੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਐਸਆਈਆਰ-2026 ਨਾਲ ਸਬੰਧਤ ਕਿਸੇ ਵੀ ਜਾਣਕਾਰੀ ਨੂੰ ਪ੍ਰਕਾਸ਼ਿਤ ਜਾਂ ਪ੍ਰਸਾਰਿਤ ਕਰਨ ਤੋਂ ਪਹਿਲਾਂ ਤੱਥਾਂ ਦੀ ਪੁਸ਼ਟੀ ਜ਼ਰੂਰ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਬੇ-ਬੁਨਿਆਦ ਅਤੇ ਗਲਤ ਜਾਣਕਾਰੀ ਨਾਲ ਲੋਕਾਂ ਵਿੱਚ ਬੇਲੋੜਾ ਭੰਬਲਭੂਸਾ ਪੈਦਾ ਹੋ ਸਕਦਾ ਹੈ। ਇਸ ਲਈ ਮੀਡੀਆ ਨੂੰ ਤੱਥਾਂ ’ਤੇ ਆਧਾਰਿਤ ਅਤੇ ਪ੍ਰਮਾਣਿਤ ਜਾਣਕਾਰੀ ਹੀ ਲੋਕਾਂ ਤੱਕ ਪਹੁੰਚਾਉਣ ਦੀ ਅਪੀਲ ਕੀਤੀ ਗਈ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH