
ਸ਼ੋਅ ਤੋਂ ਬਾਅਦ ਰੋਲਸ ਰਾਇਸ 'ਚ ਵਾਪਸ ਆ ਰਹੇ ਸਨ ਐਮੀ ਵਿਰਕ, ਹਮਲੇ 'ਚ ਸਾਰੇ ਸੁਰੱਖਿਅਤ
ਚੰਡੀਗੜ੍ਹ, 09 ਸਤੰਬਰ (ਹਿੰ.ਸ.)| ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ 'ਤੇ ਕੈਨੇਡਾ ਵਿੱਚ ਸ਼ੋਅ ਤੋਂ ਬਾਅਦ ਫਾਇਰਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੇਰ ਰਾਤ ਸ਼ੋਅ ਖ਼ਤਮ ਕਰਕੇ ਵਾਪਸ ਆ ਰਹੇ ਐਮੀ ਵਿਰਕ ਦੀ ਰੋਲਸ ਰਾਇਸ ਕੁਲਿਨਨ ਕਾਰ ਨੂੰ ਅਣਪਛਾਤੇ ਹਮਲਾਵਰਾਂ ਨੇ ਨਿਸ਼ਾਨਾ ਬਣਾਉਂਦਿਆਂ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਘਟਨਾ ਸਮੇਂ ਕਾਰ ਵਿੱਚ ਐਮੀ ਵਿਰਕ ਸਮੇਤ ਚਾਰ ਲੋਕ ਸਵਾਰ ਸਨ। ਹਮਲੇ ਵਿੱਚ ਸਾਰੇ ਲੋਕ ਸੁਰੱਖਿਅਤ ਦੱਸੇ ਜਾ ਰਹੇ ਹਨ।
ਜਾਣਕਾਰੀ ਮੁਤਾਬਕ ਹਮਲਾਵਰਾਂ ਵੱਲੋਂ ਕਰੀਬ 7 ਤੋਂ 10 ਗੋਲੀਆਂ ਚਲਾਈਆਂ ਗਈਆਂ, ਜਿਨ੍ਹਾਂ ਵਿੱਚੋਂ 7 ਗੋਲੀਆਂ ਦੇ ਨਿਸ਼ਾਨ ਕਾਰ 'ਤੇ ਮਿਲੇ ਹਨ। ਗੋਲੀਆਂ ਦਾ ਸਭ ਤੋਂ ਵੱਧ ਅਸਰ ਕਾਰ ਦੇ ਪਿਛਲੇ ਸ਼ੀਸ਼ੇ 'ਤੇ ਹੋਇਆ। ਹਾਲਾਂਕਿ ਰੋਲਸ ਰਾਇਸ ਦੀ ਮਜ਼ਬੂਤ ਬਾਡੀ ਕਾਰਨ ਗੋਲੀਆਂ ਕਾਰ ਦੇ ਅੰਦਰ ਤੱਕ ਨਹੀਂ ਪਹੁੰਚ ਸਕੀਆਂ।
ਇਹ ਘਟਨਾ ਕੈਨੇਡਾ ਦੇ ਸਮੇਂ ਮੁਤਾਬਿਕ ਰਾਤ ਕਰੀਬ 11 ਵਜੇ ਮੈਕਕਲਮ ਰੋਡ ਅਤੇ ਸਾਊਥ ਫਰੇਜ਼ਰ ਵੇਅ ਨੇੜੇ ਵਾਪਰੀ। ਐਮੀ ਵਿਰਕ ਐਬਟਸਫੋਰਡ ਦੇ ਰੋਜਰ ਫੋਰਨ ਵਿੱਚ ਸ਼ੋਅ ਖ਼ਤਮ ਕਰਨ ਤੋਂ ਬਾਅਦ ਆਪਣੀ ਰੋਲਸ ਰਾਇਸ ਵਿੱਚ ਵਾਪਸ ਜਾ ਰਹੇ ਸਨ। ਇਸੇ ਦੌਰਾਨ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ਦੀ ਕਾਰ 'ਤੇ ਗੋਲੀਆਂ ਚਲਾ ਦਿੱਤੀਆਂ।
ਸ਼ੁਰੂਆਤੀ ਜਾਣਕਾਰੀ ਵਿੱਚ ਸਿਰਫ਼ ਇੱਕ ਕਾਰ 'ਤੇ ਫਾਇਰਿੰਗ ਹੋਣ ਦੀ ਗੱਲ ਸਾਹਮਣੇ ਆਈ ਸੀ, ਪਰ ਬਾਅਦ ਵਿੱਚ ਪ੍ਰਬੰਧਕਾਂ ਵੱਲੋਂ ਸਪੱਸ਼ਟ ਕੀਤਾ ਗਿਆ ਕਿ ਇਸ ਕਾਰ ਵਿੱਚ ਪੰਜਾਬੀ ਗਾਇਕ ਐਮੀ ਵਿਰਕ ਵੀ ਮੌਜੂਦ ਸਨ।
ਪੁਲਿਸ ਮੁਤਾਬਕ ਐਮੀ ਵਿਰਕ ਤੋਂ ਇਲਾਵਾ ਕਾਰ ਵਿੱਚ ਸਰੀ ਦਾ ਇੱਕ ਵਿਅਕਤੀ ਵੀ ਮੌਜੂਦ ਸੀ। ਪੁਲਿਸ ਨੇ ਨਿੱਜਤਾ ਦਾ ਹਵਾਲਾ ਦਿੰਦਿਆਂ ਇਹ ਨਹੀਂ ਦੱਸਿਆ ਕਿ ਹਮਲਾਵਰਾਂ ਦਾ ਅਸਲ ਨਿਸ਼ਾਨਾ ਕੌਣ ਸੀ। ਹਾਲਾਂਕਿ, ਕਾਰ ਵਿੱਚ ਮੌਜੂਦ ਇਸ ਵਿਅਕਤੀ 'ਤੇ ਪਹਿਲਾਂ ਵੀ ਤਿੰਨ ਵਾਰ ਜਾਨਲੇਵਾ ਹਮਲੇ ਹੋ ਚੁੱਕੇ ਹਨ। ਇਸ ਕਾਰਨ ਪੁਲਿਸ ਵੱਲੋਂ ਮਾਮਲੇ ਦੀ ਕਈ ਐਂਗਲਾਂ ਤੋਂ ਜਾਂਚ ਕੀਤੀ ਜਾ ਰਹੀ ਹੈ।
ਫਾਇਰਿੰਗ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੂੰ ਘਟਨਾ ਵਾਲੀ ਥਾਂ ਤੋਂ ਕਰੀਬ 5 ਕਿਲੋਮੀਟਰ ਦੂਰ ਸਨੀਸਾਈਡ ਪਲੇਸ ਨੇੜੇ ਇੱਕ ਸ਼ੱਕੀ ਐਸਯੂਵੀ ਸੜੀ ਹੋਈ ਮਿਲੀ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਹਮਲੇ ਵਿੱਚ ਇਸੇ ਵਾਹਨ ਦੀ ਵਰਤੋਂ ਕੀਤੀ ਗਈ ਹੋ ਸਕਦੀ ਹੈ। ਐਸਯੂਵੀ ਨੂੰ ਅੱਗ ਲਗਾਏ ਜਾਣ ਕਾਰਨ ਪੁਲਿਸ ਲਈ ਇਸ ਵਿੱਚੋਂ ਸਬੂਤ ਇਕੱਠੇ ਕਰਨਾ ਵੀ ਚੁਣੌਤੀ ਬਣਿਆ ਹੋਇਆ ਹੈ। ਪੁਲਿਸ ਵੱਲੋਂ ਹਮਲਾਵਰਾਂ ਦੀ ਪਛਾਣ ਅਤੇ ਫਾਇਰਿੰਗ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH