ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਧਰਨਾ ਪ੍ਰਦਰਸ਼ਨ ਲਈ ਥਾਂਵਾਂ ਨਿਰਧਾਰਤ
ਸ਼ਹੀਦ ਭਗਤ ਸਿੰਘ ਨਗਰ, 31 ਅਕਤੂਬਰ (ਹਿੰ. ਸ.)। ਜ਼ਿਲ੍ਹਾ ਮੈਜਿਸਟ੍ਰੇਟ ਅੰਕੁਰਜੀਤ ਸਿੰਘ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹੇ ਦੀ ਹਦੂਦ ਅੰਦਰ ਕਿਸੇ ਵੀ ਯੂਨੀਅਨ ਜਾਂ ਜੱਥੇਬੰਦੀ ਵੱਲੋਂ ਸੜਕ/ ਚੌਕਾਂ ਵਿੱਚ ਟ੍ਰੈਫਿਕ ਜਾਮ ਲਗਾਉਣ ‘ਤੇ ਮੁਕੰਮਲ ਪਾਬੰਦੀ ਲਗਾਉ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਧਰਨਾ ਪ੍ਰਦਰਸ਼ਨ ਲਈ ਥਾਂਵਾਂ ਨਿਰਧਾਰਤ


ਸ਼ਹੀਦ ਭਗਤ ਸਿੰਘ ਨਗਰ, 31 ਅਕਤੂਬਰ (ਹਿੰ. ਸ.)। ਜ਼ਿਲ੍ਹਾ ਮੈਜਿਸਟ੍ਰੇਟ ਅੰਕੁਰਜੀਤ ਸਿੰਘ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹੇ ਦੀ ਹਦੂਦ ਅੰਦਰ ਕਿਸੇ ਵੀ ਯੂਨੀਅਨ ਜਾਂ ਜੱਥੇਬੰਦੀ ਵੱਲੋਂ ਸੜਕ/ ਚੌਕਾਂ ਵਿੱਚ ਟ੍ਰੈਫਿਕ ਜਾਮ ਲਗਾਉਣ ‘ਤੇ ਮੁਕੰਮਲ ਪਾਬੰਦੀ ਲਗਾਉਂਦਿਆਂ ਹਦਾਇਤ ਕੀਤੀ ਕਿ ਜੇਕਰ ਕਿਸੇ ਜੱਥੇਬੰਦੀ ਨੇ ਧਰਨਾ, ਮੁਜਾਹਰਾ ਜਾਂ ਅੰਦੋਲਨ ਕਰਨਾ ਹੈ ਤਾਂ ਉਹ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੰਨਜ਼ੂਰੀ ਲੈ ਕੇ ਨਿਰਧਾਰਤ ਥਾਂਵਾਂ ‘ਤੇ ਮੁਜਾਹਰਾ ਕਰ ਸਕਦੇ ਹਨ। ਜ਼ਿਲ੍ਹਾ ਮੈਜਿਸਟਰੇਟ ਨੇ ਜਾਰੀ ਹੁਕਮਾਂ ਵਿੱਚ ਕਿਹਾ ਕਿ ਵੱਖ-ਵੱਖ ਯੂਨੀਅਨਾਂ, ਜੱਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਦੇ ਹੱਕ ਵਿੱਚ ਧਰਨੇ, ਮੁਜਾਹਰੇ ਦੌਰਾਨ ਸ਼ਹਿਰ ਦੇ ਮੁੱਖ ਮਾਰਗ ਚੰਡੀਗੜ੍ਹ ਚੌਕ ਵਿੱਚ ਟ੍ਰੈਫਿਕ ਜਾਮ ਕਰ ਦਿੱਤਾ ਜਾਂਦਾ ਹੈ ਜਿਸ ਨਾਲ ਜਲੰਧਰ-ਅੰਮ੍ਰਿਤਸਰ ਅਤੇ ਚੰਡੀਗੜ੍ਹ ਜਾਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਜਾਮ ਦੌਰਾਨ ਕਈ ਬਿਮਾਰ ਅਤੇ ਮਰੀਜ਼ ਵਿਅਕਤੀ ਬੇਹਦ ਪ੍ਰੇਸ਼ਾਨ ਹੁੰਦੇ ਹਨ। ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਸਬ ਡਿਵੀਜ਼ਨ ਨਵਾਂਸ਼ਹਿਰ ਵਿੱਚ ਦੁਸ਼ਹਿਰਾ ਗਰਾਉਂਡ ਨਵਾਂਸ਼ਹਿਰ, ਨਗਰ ਕੌਂਸਲ ਨਵਾਂਸ਼ਹਿਰ ਦੇ ਅਧੀਨ ਆਉਂਦਾ ਪਿੰਡ ਗੁਜਰਪੁਰ ਕਲਾਂ ਵਿੱਚ ਲਗਭਗ 40 ਕਨਾਲ ਰਕਬਾ ਰੇਲਵੇ ਫਾਟਕ ਬੰਗਾ ਰੋਡ ਨੇੜੇ ਨਿਰਧਾਰਤ ਕੀਤਾ ਗਿਆ ਹੈ। ਇਸੇ ਤਰ੍ਹਾਂ ਸਬ ਡਿਵੀਜ਼ਨ ਬੰਗਾ ਲਈ ਗ੍ਰਾਮ ਪੰਚਾਇਤ ਪਿੰਡ ਪੁਨੀਆਂ ਦਾ ਪੰਚਾਇਤੀ ਰਕਬਾ ਅਤੇ ਸਬ ਡਿਵੀਜ਼ਨ ਬਲਾਚੌਰ ਲਈ ਸਿਵਲ ਹਸਪਤਾਲ ਨੇੜੇ ਜਗਤਪੁਰ ਰੋਡ ਸਿਹਾਣਾ ਨੇੜੇ ਮਿਊਂਸਪਲ ਖੇਡ ਮੈਦਾਨ ਧਰਨੇ ਪ੍ਰਦਰਸ਼ਨ ਲਈ ਨਿਰਧਾਰਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਤਹਿਸੀਲ, ਐਸ.ਡੀ.ਐਮ., ਡੀ.ਏ.ਸੀ. ਵਿਖੇ ਲਾਊਡ ਸਪੀਕਰ ਦੀ ਵਰਤੋਂ ਕਰਕੇ ਨਾਅਰੇ ਲਗਾਏ ਜਾਂਦੇ ਹਨ ਜਿਸ ਨਾਲ ਸਰਕਾਰੀ ਦਫ਼ਤਰਾਂ ਦਾ ਕੰਮ ਪ੍ਰਭਾਵਿਤ ਹੁੰਦਾ ਹੈ ਇਸ ਲਈ ਇਨ੍ਹਾਂ ਥਾਂਵਾਂ ‘ਤੇ ਲਾਊਡ ਸਪੀਕਰ ਵਜਾਉਣ ‘ਤੇ ਵੀ ਪਾਬੰਦੀ ਲਗਾਈ ਜਾਂਦੀ ਹੈ ਅਤੇ ਨਿਰਧਾਰਤ ਥਾਂਵਾਂ ‘ਤੇ ਮੰਨਜ਼ੂਰੀ ਲੈ ਕੇ ਲਾਊਡ ਸਪੀਕਰ ਦੀ ਵਰਤੋਂ ਕੀਤੀ ਜਾਵੇ। ਇਹ ਹੁਕਮ 23 ਦਸੰਬਰ ਤੱਕ ਲਾਗੂ ਰਹਿਣਗੇ। ਜ਼ਿਲ੍ਹਾ ਮੈਜਿਸਟਰੇਟ ਨੇ ਇੱਕ ਹੋਰ ਹੁਕਮ ਜਾਰੀ ਕਰਦਿਆਂ ਜ਼ਿਲ੍ਹੇ ਦੀ ਹੱਦ ਅੰਦਰ ਪੈਂਦੇ ਦਰਿਆ ਸਤਲੁਜ ਅਤੇ ਬਿਸਤ ਦੁਆਬ ਨਹਿਰ ਵਿੱਚ ਕਿਸੇ ਵੀ ਵਿਅਕਤੀ ਦੇ ਨਹਾਉਣ ‘ਤੇ ਪਾਬੰਦੀ ਲਗਾਈ ਹੈ। ਹੁਕਮਾਂ ਅਨੁਸਾਰ ਜੇਕਰ ਕੋਈ ਵਿਅਕਤੀ ਇਨ੍ਹਾਂ ਥਾਂਵਾਂ ‘ਤੇ ਨਹਾਉਂਦਾ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਇਹ ਹੁਕਮ 23 ਦਸੰਬਰ ਤੱਕ ਲਾਗੂ ਰਹਿਣਗੇ। ਇਸੇ ਤਰ੍ਹਾਂ ਇਕ ਹੋਰ ਹੁਕਮ ਤਹਿਤ ਜਿਲ੍ਹੇ ਵਿੱਚ ਪਸ਼ੂਆਂ ਨੂੰ ਸ਼ਹਿਰਾਂ/ਕਸਬਿਆਂ ਵਿੱਚ ਸੜਕਾਂ ਦੇ ਕੰਢੇ ਚਰਾਉਣ ‘ਤੇ ਪਾਬੰਦੀ ਲਗਾਈ ਗਈ ਹੈ। ਜਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਹੁਕਮਾਂ ਅਨੁਸਾਰ ਕਿ ਲੋਕਾਂ ਵੱਲੋਂ ਚਾਰੇ ਦੀ ਖਾਤਰ ਮੱਝਾਂ ਅਤੇ ਗਾਵਾਂ ਨੂੰ ਸ਼ਹਿਰਾਂ, ਕਸਬਿਆਂ ਅਤੇ ਸੜਕਾਂ ਕੰਢੇ ਛੱਡ ਦਿੱਤਾ ਜਾਂਦਾ ਹੈ ਜਿਸ ਨਾਲ ਲੋਕਾਂ ਦੀਆਂ ਫਸਲਾਂ ਅਤੇ ਸੜਕਾਂ ਕੰਢੇ ਲੱਗੇ ਬੂਟਿਆਂ ਨੂੰ ਨੁਕਸਾਨ ਪਹੁੰਚਦਾ ਹੈ। ਜਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਅਜਿਹੇ ਵਿੱਚ ਕਿਸਾਨਾਂ ਅਤੇ ਪਸ਼ੂ ਪਾਲਕਾਂ ਵਿਚਾਲੇ ਤਕਰਾਰ ਪੈਦਾ ਹੁੰਦੀ ਹੈ ਅਤੇ ਕਈ ਵਾਰ ਪਸ਼ੂਆਂ ਕਰਕੇ ਹਾਦਸਿਆਂ ਦਾ ਵੀ ਖਦਸ਼ਾ ਬਣਿਆ ਰਹਿੰਦਾ ਹੈ ਜਿਸ ਨੂੰ ਰੋਕਣਾ ਅਤਿ ਲਾਜ਼ਮੀ ਹੈ। ਇਹ ਹੁਕਮ 23 ਦਸੰਬਰ 2025 ਤੱਕ ਲਾਗੂ ਰਹਿਣਗੇ ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande