ਭੋਪਾਲ, 4 ਅਕਤੂਬਰ (ਹਿੰ.ਸ.)। ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲ੍ਹੇ ਵਿੱਚ ਬਿਮਾਰੀਆਂ ਨੂੰ ਠੀਕ ਕਰਨ ਲਈ ਬਣਾਈ ਗਈ ‘ਕਫ਼ ਸਿਰਪ’ ਹੀ ਬੱਚਿਆਂ ਦੀ ਮੌਤ ਦਾ ਕਾਰਨ ਬਣ ਗਈ। ਇੱਥੇ ਪਰਾਸੀਆ ਬਲਾਕ ਵਿੱਚ ਨੌਂ ਬੱਚਿਆਂ ਦੀ ਮੌਤ ਤੋਂ ਬਾਅਦ, ਮੱਧ ਪ੍ਰਦੇਸ਼ ਵਿੱਚ ਕੋਲਡਰਿਫ ਕਫ਼ ਸਿਰਪ ਦੀ ਦਵਾਈ ਦੀ ਵਿਕਰੀ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਮੁੱਖ ਮੰਤਰੀ ਮੋਹਨ ਯਾਦਵ ਨੇ ਖੁਦ ਸੋਸ਼ਲ ਮੀਡੀਆ 'ਤੇ ਬਿਆਨ ਜਾਰੀ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ।
ਮੁੱਖ ਮੰਤਰੀ ਡਾ. ਯਾਦਵ ਨੇ ਸ਼ਨੀਵਾਰ ਨੂੰ ਸੋਸ਼ਲ ਮੀਡੀਆ ਐਕਸ 'ਤੇ ਕਿਹਾ ਕਿ ਛਿੰਦਵਾੜਾ ਵਿੱਚ ਕੋਲਡਰਿਫ ਸਿਰਪ ਕਾਰਨ ਬੱਚਿਆਂ ਦੀ ਮੌਤ ਬਹੁਤ ਦੁਖਦਾਈ ਹੈ। ਇਸ ਸਿਰਪ ਦੀ ਵਿਕਰੀ ਪੂਰੇ ਮੱਧ ਪ੍ਰਦੇਸ਼ ਵਿੱਚ ਬੈਨ ਕਰ ਦਿੱਤੀ ਗਈ ਹੈ। ਸਿਰਪ ਬਣਾਉਣ ਵਾਲੀ ਕੰਪਨੀ ਦੇ ਹੋਰ ਉਤਪਾਦਾਂ ਦੀ ਵਿਕਰੀ 'ਤੇ ਵੀ ਪਾਬੰਦੀ ਲਗਾਈ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਕਿਉਂਕਿ ਸਿਰਪ ਬਣਾਉਣ ਵਾਲੀ ਫੈਕਟਰੀ ਕਾਂਚੀਪੁਰਮ ਵਿੱਚ ਸਥਿਤ ਹੈ, ਇਸ ਲਈ ਘਟਨਾ ਦਾ ਪਤਾ ਲੱਗਣ 'ਤੇ ਰਾਜ ਸਰਕਾਰ ਨੇ ਤਾਮਿਲਨਾਡੂ ਸਰਕਾਰ ਨੂੰ ਜਾਂਚ ਕਰਨ ਲਈ ਕਿਹਾ ਸੀ। ਜਾਂਚ ਰਿਪੋਰਟ ਅੱਜ ਸਵੇਰੇ ਪ੍ਰਾਪਤ ਹੋਈ। ਰਿਪੋਰਟ ਦੇ ਆਧਾਰ 'ਤੇ ਸਖ਼ਤ ਐਕਸ਼ਨ ਲਿਆ ਗਿਆ ਹੈ। ਬੱਚਿਆਂ ਦੀਆਂ ਦੁਖਦਾਈ ਮੌਤਾਂ ਤੋਂ ਬਾਅਦ, ਸਥਾਨਕ ਪੱਧਰ 'ਤੇ ਕਾਰਵਾਈ ਕੀਤੀ ਜਾ ਰਹੀ ਸੀ। ਮਾਮਲੇ ਦੀ ਜਾਂਚ ਲਈ ਰਾਜ ਪੱਧਰ 'ਤੇ ਵੀ ਟੀਮ ਬਣਾਈ ਗਈ ਹੈ। ਮੁਲਜ਼ਮਾਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ।ਜ਼ਿਕਰਯੋਗ ਹੈ ਕਿ ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲ੍ਹੇ ਦੇ ਪਰਾਸੀਆ ਬਲਾਕ ਵਿੱਚ, ਕੋਲਡਰਿਫ ਕਫ਼ ਸਿਰਪ ਪੀਣ ਤੋਂ ਬਾਅਦ ਪਿਛਲੇ 20 ਦਿਨਾਂ ਵਿੱਚ ਨੌਂ ਬੱਚਿਆਂ ਦੀ ਗੁਰਦੇ ਫੇਲ੍ਹ ਹੋਣ ਕਾਰਨ ਮੌਤ ਹੋ ਗਈ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਬੱਚਿਆਂ ਦੀ ਮੌਤ ਨਾਗਪੁਰ ਦੇ ਨਿੱਜੀ ਹਸਪਤਾਲਾਂ ਵਿੱਚ ਹੋਈ। ਕਈ ਅਜੇ ਵੀ ਹਸਪਤਾਲ ਵਿੱਚ ਆਪਣੀ ਜ਼ਿੰਦਗੀ ਲਈ ਲੜ ਰਹੇ ਹਨ।ਛਿੰਦਵਾੜਾ ਮੈਡੀਕਲ ਕਾਲਜ ਦੇ ਐਸੋਸੀਏਟ ਪ੍ਰੋਫ਼ੈਸਰ ਡਾ. ਪਵਨ ਨੰਦੂਰਕਰ ਨੇ ਦੱਸਿਆ ਕਿ ਹੁਣ ਤੱਕ ਜਿਨ੍ਹਾਂ 9 ਬੱਚਿਆਂ ਦੀ ਮੌਤ ਹੋ ਚੁੱਕੀ ਹੈ, ਉਨ੍ਹਾਂ ਵਿੱਚ ਦਿਵਯਾਂਸ਼ ਚੰਦਰਵੰਸ਼ੀ (7 ਸਾਲ), ਅਦਨਾਨ ਖ਼ਾਨ (5 ਸਾਲ), ਹੇਤਾਂਸ਼ ਸੋਨੀ (5), ਉਸੈਦ (4), ਸ਼੍ਰੇਆ ਯਾਦਵ (18 ਮਹੀਨੇ), ਵਿਕਾਸ ਯਦੁਵੰਸ਼ੀ (4), ਯੋਗਿਤਾ ਵਿਸ਼ਵਕਰਮਾ (5 ਸਾਲ), ਸੰਧਿਆ ਭਸੋਮ (ਸਵਾ ਸਾਲ) ਅਤੇ ਚੰਚਲੇਸ਼ ਯਦੁਵੰਸ਼ੀ ਸ਼ਾਮਲ ਹਨ।ਦੋ ਬੱਚਿਆਂ ਦੀ ਮੌਤ ਪਿਛਲੇ ਚਾਰ ਦਿਨਾਂ ਵਿੱਚ ਹੋਈ ਹੈ। ਡੇਢ ਸਾਲ ਦੀ ਸੰਧਿਆ ਭੋਸੋਮ 17 ਸਤੰਬਰ ਨੂੰ ਬਿਮਾਰ ਹੋਈ ਸੀ। ਉਸਨੂੰ 18 ਸਤੰਬਰ ਨੂੰ ਪਾਰਸੀਆ ਦੇ ਨਿੱਜੀ ਹਸਪਤਾਲ ਵਿੱਚ ਲਿਆਂਦਾ ਗਿਆ ਸੀ। ਫਿਰ ਉਸਦਾ ਇਲਾਜ ਸਰਕਾਰੀ ਹਸਪਤਾਲ ਵਿੱਚ ਕੀਤਾ ਗਿਆ। ਇਸ ਤੋਂ ਬਾਅਦ, ਉਸਨੂੰ 26 ਸਤੰਬਰ ਨੂੰ ਪਰਾਸੀਆ ਦੇ ਨਿੱਜੀ ਹਸਪਤਾਲ ਵਿੱਚ ਦੁਬਾਰਾ ਦਾਖਲ ਕਰਵਾਇਆ ਗਿਆ। ਬਾਅਦ ਵਿੱਚ, ਉਸਨੂੰ ਸੀਐਚਸੀ ਪਰਾਸੀਆ ਤੋਂ ਛਿੰਦਵਾੜਾ ਰੈਫਰ ਕਰ ਦਿੱਤਾ ਗਿਆ। ਛਿੰਦਵਾੜਾ ਜ਼ਿਲ੍ਹਾ ਹਸਪਤਾਲ ਤੋਂ, ਸੰਧਿਆ ਨੂੰ 28 ਸਤੰਬਰ ਨੂੰ ਨਾਗਪੁਰ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ। 1 ਅਕਤੂਬਰ ਨੂੰ ਨਾਗਪੁਰ ਵਿੱਚ ਉਸਦੀ ਮੌਤ ਹੋ ਗਈ। ਸੰਧਿਆ ਤੋਂ ਇਲਾਵਾ, ਗੈਗੋਹਾਨ ਦੇ ਚੰਚਲੇਸ਼ ਯਾਦੁਵੰਸ਼ੀ ਦੀ ਵੀ ਨਾਗਪੁਰ ਵਿੱਚ ਇਲਾਜ ਦੌਰਾਨ ਮੌਤ ਹੋਈ ਹੈ।
ਦਰਅਸਲ, ਛਿੰਦਵਾੜਾ ਜ਼ਿਲ੍ਹੇ ਵਿੱਚ ਨੌਂ ਬੱਚਿਆਂ ਦੀ ਮੌਤ ਲਈ ਜ਼ਿੰਮੇਵਾਰ ਠਹਿਰਾਏ ਜਾ ਰਹੇ ਕਫ਼ ਸਿਰਪ ਵਿੱਚ ਜ਼ਹਿਰੀਲੇ ਰਸਾਇਣ ਦੀ ਮਿਲਾਵਟ ਪਾਈ ਗਈ ਹੈ। ਤਾਮਿਲਨਾਡੂ ਸਰਕਾਰ ਨੇ ਸ਼ੁੱਕਰਵਾਰ ਨੂੰ ਇਸਦੀ ਪੁਸ਼ਟੀ ਕੀਤੀ ਸੀ। ਸ਼੍ਰੀਸਨ ਕੰਪਨੀ ਦੀ ਕਾਂਚੀਪੁਰਮ ਯੂਨਿਟ ਵਿੱਚ ਤਾਮਿਲਨਾਡੂ ਸਰਕਾਰ ਦੇ ਡਰੱਗ ਵਿਭਾਗ ਦੇ ਅਧਿਕਾਰੀਆਂ ਦੁਆਰਾ ਕੀਤੀ ਗਈ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਕੋਲਡਰਿਫ ਕਫ਼ ਸਿਰਪ ਵਿੱਚ 48.6 ਪ੍ਰਤੀਸ਼ਤ ਡਾਈਥਾਈਲੀਨ ਗਲਾਈਕੋਲ ਦੀ ਮਿਲਾਵਟ ਹੈ। ਇਹ ਇੱਕ ਜ਼ਹਿਰੀਲੇ ਰਸਾਇਣ ਹੈ।
ਇਸ ਤੋਂ ਬਾਅਦ, ਤਾਮਿਲਨਾਡੂ ਸਰਕਾਰ ਨੇ ਕੋਲਡਰਿਫ ਕਫ਼ ਸਿਰਪ ਦੇ ਉਤਪਾਦਨ ਅਤੇ ਵਿਕਰੀ 'ਤੇ ਪਾਬੰਦੀ ਲਗਾ ਦਿੱਤੀ ਹੈ। ਤਾਮਿਲਨਾਡੂ ਸਰਕਾਰ ਦੇ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਕੋਲਡਰਿਫ ਕਫ ਸਿਰਪ ਦੇ ਜਿਸ ਬੈਚ ਨੰਬਰ ਐਸਆਰ-13 ਨੂੰ ਬੱਚਿਆਂ ਦੀ ਮੌਤ ਲਈ ਜ਼ਿੰਮੇਵਾਰ ਹੋਣ ਦਾ ਸ਼ੱਕੀ ਮੰਨਿਆ ਜਾ ਰਿਹਾ ਹੈ, ਉਸਦੇ ਉਤਪਾਦਨ ਵਿੱਚ ਦੂਸ਼ਿਤ ਰਸਾਇਣਾਂ ਦੀ ਵਰਤੋਂ ਹੋਈ ਹੈ। ਤਾਮਿਲਨਾਡੂ ਡਰੱਗ ਵਿਭਾਗ ਨੇ ਦਵਾਈ ਦੇ ਇਸ ਬੈਚ ਦੇ ਨਮੂਨੇ ਜਾਂਚ ਲਈ ਭੇਜੇ ਸਨ ਅਤੇ ਨਤੀਜੇ 24 ਘੰਟਿਆਂ ਦੇ ਅੰਦਰ ਪ੍ਰਾਪਤ ਹੋ ਗਏ। ਇਸ ਤੋਂ ਬਾਅਦ, ਸਰਕਾਰ ਨੇ ਇਹ ਫੈਸਲਾ ਲਿਆ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ