ਚੰਡੀਗੜ੍ਹ, 7 ਅਕਤੂਬਰ (ਹਿੰ.ਸ.)। ਪੰਜਾਬ ਸਰਕਾਰ ਨੇ ਇੱਕ ਮਹੱਤਵਪੂਰਨ ਫੈਸਲਾ ਲੈਂਦੇ ਹੋਏ ਸੂਬੇ ਵਿੱਚ ਕੋਲਡਰਿਫ ਕਫ ਸਿਰਪ ਦੀ ਵਿਕਰੀ ਅਤੇ ਇਸਦੀ ਵਰਤੋਂ 'ਤੇ ਪਾਬੰਦੀ ਲਗਾ ਦਿੱਤੀ ਹੈ। ਸਰਕਾਰ ਨੇ ਇਹ ਫੈਸਲਾ ਮੱਧ ਪ੍ਰਦੇਸ਼ ਵਿੱਚ ਸਿਰਪ ਦੀ ਵਰਤੋਂ ਕਾਰਨ 17 ਬੱਚਿਆਂ ਦੀ ਮੌਤ ਤੋਂ ਬਾਅਦ ਲਿਆ ਹੈ। ਇਸ ਸਬੰਧੀ ਆਦੇਸ਼ ਸਿਹਤ ਵਿਭਾਗ ਦੇ ਡਾਇਰੈਕਟੋਰੇਟ ਵੱਲੋਂ ਸੋਮਵਾਰ ਸ਼ਾਮ ਨੂੰ ਜਾਰੀ ਕੀਤੇ ਗਏ, ਜਿਨ੍ਹਾਂ ਨੂੰ ਮੰਗਲਵਾਰ ਨੂੰ ਸੂਬੇ ਦੇ ਸਾਰੇ ਜ਼ਿਲ੍ਹਾ ਅਧਿਕਾਰੀਆਂ ਨੂੰ ਭੇਜਿਆ ਗਿਆ।
ਸਰਕਾਰੀ ਆਦੇਸ਼ਾਂ ਅਨੁਸਾਰ ਪੰਜਾਬ ਦੇ ਸਾਰੇ ਪ੍ਰਚੂਨ ਵਿਕਰੇਤਾ, ਵਿਤਰਕ, ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ, ਹਸਪਤਾਲ/ਸਿਹਤ ਸੰਭਾਲ ਸੰਸਥਾਵਾਂ ਆਦਿ ਇਸ ਪ੍ਰੋਡਕਟ ਦੀ ਖਰੀਦ, ਵਿਕਰੀ ਜਾਂ ਵਰਤੋਂ ਨਹੀਂ ਕਰਨਗੇ। ਜੇਕਰ ਸੂਬੇ ਵਿੱਚ ਇਸ ਉਤਪਾਦ ਦਾ ਕੋਈ ਸਟਾਕ ਪਾਇਆ ਜਾਂਦਾ ਹੈ, ਤਾਂ ਇਸਦੀ ਰਿਪੋਰਟ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੂੰ ਕਰਨ ਲਈ ਕਿਹਾ ਗਿਆ ਹੈ। ਤਾਮਿਲਨਾਡੂ ਵਿੱਚ ਬਣੀ ਇਸ ਸਿਰਪ ਨੂੰ ਡਾਇਥਾਈਲੀਨ ਗਲਾਈਕੋਲ ਦੀ ਮਿਲਾਵਟ ਹੋਣ ਕਾਰਨ ਬੈਨ ਕੀਤਾ ਗਿਆ ਹੈ।
ਆਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਮੱਧ ਪ੍ਰਦੇਸ਼ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੀ ਡਰੱਗ ਟੈਸਟਿੰਗ ਲੈਬਾਰਟਰੀ ਨੇ 4 ਅਕਤੂਬਰ, 2025 ਨੂੰ ਇੱਕ ਰਿਪੋਰਟ ਜਾਰੀ ਕੀਤੀ ਹੈ।ਇਸ ਰਿਪੋਰਟ ਦੇ ਅਨੁਸਾਰ ਕੋਲਡਰਿਫ ਸਿਰਪ ਨਾਮ ਦੀ ਦਵਾਈ ਚੰਗੀ ਗੁਣਵੱਤਾ ਵਾਲੀ ਨਹੀਂ ਪਾਈ ਗਈ ਹੈ।
ਕੋਲਡਰਿਫ ਸਿਰਚ ਕਾਂਚੀਪੁਰਮ, ਤਾਮਿਲਨਾਡੂ ਵਿੱਚ ਤਿਆਰ ਹੋਇਆ ਹੈ। ਇਹ ਮਈ 2025 ਵਿੱਚ ਬਣਿਆ ਅਤੇ ਅਪ੍ਰੈਲ 2027 ਵਿੱਚ ਖਤਮ ਹੋਵੇਗਾ। ਇਸ ਸਿਰਪ ਵਿੱਚ ਡਾਇਥਾਈਲੀਨ ਗਲਾਈਕੋਲ (46.28 ਪ੍ਰਤੀਸ਼ਤ 2/1) ਦੀ ਮਿਲਾਵਟ ਪਾਈ ਗਈ ਹੈ, ਜੋ ਕਿ ਜ਼ਹਿਰ ਦੇ ਵਾਂਗ ਹਾਨੀਕਾਰਕ ਰਸਾਇਣ ਹੈ ਅਤੇ ਗੰਭੀਰ ਸਿਹਤ ਸਮੱਸਿਆਵਾਂ ਪੈਦਾ ਕਰ ਸਕਦਾ ਹੈ।
ਇਸ ਸਿਰਪ (ਕੋਲਡਰਿਫ) ਨੂੰ ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲ੍ਹੇ ਵਿੱਚ ਬੱਚਿਆਂ ਦੀ ਮੌਤ ਨਾਲ ਜੋੜਿਆ ਗਿਆ ਹੈ। ਇਸ ਲਈ ਪੰਜਾਬ ਵਿੱਚ ਇਸ ਦਵਾਈ ਦੀ ਵਿਕਰੀ, ਵੰਡ ਅਤੇ ਵਰਤੋਂ 'ਤੇ ਤੁਰੰਤ ਪਾਬੰਦੀ ਲਗਾ ਦਿੱਤੀ ਗਈ ਹੈ। ਪੰਜਾਬ ਦੇ ਸਾਰੇ ਮੈਡੀਕਲ ਸਟੋਰਾਂ, ਵਿਤਰਕਾਂ, ਡਾਕਟਰਾਂ ਅਤੇ ਹਸਪਤਾਲਾਂ ਨੂੰ ਇਸ ਦਵਾਈ ਨੂੰ ਵੇਚਣ, ਖਰੀਦਣ ਜਾਂ ਵਰਤੋਂ ਨਹੀਂ ਕਰਨੀ ਚਾਹੀਦੀ। ਜੇਕਰ ਇਹ ਸਿਰਪ ਕਿਤੇ ਵੀ ਉਪਲਬਧ ਹੈ, ਤਾਂ ਤੁਰੰਤ ਪੰਜਾਬ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਡਰੱਗ ਬ੍ਰਾਂਚ) ਨੂੰ ਈਮੇਲ ਰਾਹੀਂ ਸੂਚਿਤ ਕਰੋ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ