ਜਲਾਲਾਬਾਦ 8 ਅਕਤੂਬਰ (ਹਿੰ. ਸ.)। ਜਲਾਲਾਬਾਦ ਤਹਿਸੀਲ ਅਧੀਨ ਪੈਂਦੇ ਪਿੰਡ ਸ਼ਮਸ਼ਦੀਨ ਚਿਸ਼ਤੀ ਤੇ ਮਲਕਜਾਦਾ ਵਿਖੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸੀ ਆਰ ਐਮ ਸਕੀਮ ਅਧੀਨ ਪਰਾਲੀ ਪ੍ਰਬੰਧਨ ਸਬੰਧੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ ਹੈ| ਸ਼ਮਸ਼ਦੀਨ ਚਿਸਤੀ ਵਿਖੇ ਕੈਂਪ ਦੀ ਸ਼ੁਰੂਆਤ ਏ ਡੀ ਓ ਆਸ਼ੂ ਕੰਬੋਜ ਅਤੇ ਮਲਕਜਾਦਾ ਕੈਂਪ ਦੀ ਸ਼ੁਰੂਆਤ ਕਰਦੇ ਹੋਏ ਏ ਡੀ ਓ ਨਗੀਨ ਕੁਮਾਰ ਨੇ ਕਿਸਾਨਾਂ ਨੂੰ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਦੀ ਸਾਂਭ ਸੰਭਾਲ ਬਾਰੇ ਦੱਸਦਿਆਂ ਕਿਸਾਨਾਂ ਨੂੰ ਅਪੀਲ ਕੀਤੀ ਉਹ ਆਪਣੇ ਖੇਤਾਂ ਵਿੱਚ ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਗਾਏ ਕਣਕ ਦੀ ਬਿਜਾਈ ਸੁਪਰ ਸੀਡਰ, ਮਲਚਰ, ਆਰ.ਐਮ.ਬੀ. ਪਲਾਓ, ਹੈਪੀ ਸੀਡਰ, ਸੁਪਰ ਐਸ.ਐਮ.ਐਸ. ਆਦਿ ਦੀ ਵਰਤੋਂ ਕਰਕੇ ਕਰਨ ਤਾਂ ਜੋ ਮਿੱਟੀ ਦੀ ਸਿਹਤ ਦੇ ਸੁਧਾਰ ਦੇ ਨਾਲ ਵਾਤਾਵਰਨ ਨੂੰ ਵੀ ਪ੍ਰਦੂਸ਼ਣ ਰਹਿਤ ਬਣਾਇਆ ਜਾ ਸਕੇ।
ਐਸ ਡੀ ਓ ਬਲਦੇਵ ਸਿੰਘ ਨੇ ਸਮਸ਼ਦੀਪ ਕੈਂਪ ਵਿੱਚ ਅਤੇ ਏ ਐਸ ਆਈ ਸੁਰਿੰਦਰ ਕੰਬੋਜ ਨੇ ਮਲਕਜਾਦਾ ਕੈਂਪ ਵਿੱਚ ਕਿਸਾਨਾਂ ਨੂੰ ਪਰਾਲੀ ਤੋਂ ਪੈਦਾ ਹੋਣ ਵਾਲੇ ਧੂੰਏ ਨਾਲ ਵਾਤਾਵਰਨ ਤੇ ਪੈ ਰਹੇ ਮਾੜੇ ਪ੍ਰਭਾਵਾਂ, ਵਾਪਰ ਰਹੀਆਂ ਦੁਰਘਟਨਾਵਾਂ ਅਤੇ ਹੋਣ ਵਾਲੀਆਂ ਗੰਭੀਰ ਬਿਮਾਰੀਆਂ ਬਾਰੇ ਜਾਣੂੰ ਕਰਵਾਇਆ ਗਿਆ। ਇਸ ਦੇ ਨਾਲ ਹੀ ਖੇਤੀਬਾੜੀ ਉਪ ਨਿਰੀਖਕ ਸੁਖਚੈਨ ਸਿੰਘ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਮਿੱਟੀ ਦੀ ਸਿਹਤ ਤੇ ਹੋਣ ਵਾਲੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਮਿੱਟੀ ਵਿੱਚੋਂ ਜਰੂਰੀ ਖੁਰਾਕੀ ਤੱਤਾਂ ਨਾਈਟਰੋਜਨ, ਫਾਸਫੋਰਸ, ਪੋਟਾਸ਼ੀਅਮ, ਸਲਫਰ, ਛੋਟੇ ਤੱਤਾਂ ਅਤੇ ਜੈਵਿਕ ਕਾਰਬਨ ਦਾ ਨੁਕਸਾਨ ਹੋ ਜਾਂਦਾ ਹੈ।
ਇਸ ਤੋਂ ਇਲਾਵਾ ਉਨ੍ਹਾਂ ਸੂਖਮ ਜੀਵਾਂ ਦੀ ਮਿੱਟੀ ਦੇ ਉਪਜਾਊਪਣ ਵਿੱਚ ਮਹੱਤਤਾ ਤੋਂ ਜਾਣੂੰ ਕਰਵਾਇਆ ਅਤੇ ਕਿਸਾਨਾਂ ਨੂੰ ਮਿੱਟੀ ਅਤੇ ਪਾਣੀ ਦੀ ਜਾਂਚ ਕਰਵਾਉਣ ਲਈ ਪ੍ਰੇਰਿਤ ਕੀਤਾ ਅਤੇ ਬੇਲੋੜੀਆਂ ਖਾਦਾਂ ਦੀ ਸੁਚੱਜੀ ਵਰਤੋ ਕਰਨ ਲਈ ਕਿਹਾ ਜਿਸ ਨਾਲ ਉਹਨਾਂ ਦਾ ਖਰਚਾ ਘਟਾਇਆ ਜਾ ਸਕੇ ਅਤੇ ਆਮਦਨ ਵੱਧ ਮਿਲ ਸਕੇ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ