ਮੋਹਾਲੀ 8 ਅਕਤੂਬਰ (ਹਿੰ. ਸ.)। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਪਿਛਲੇ ਦੋ ਹਫਤਿਆਂ ਤੋਂ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ‘ਚ ਲਗਾਤਾਰ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਪੰਜਾਬੀ ਸੰਗੀਤ ਜਗਤ ਦੀ ਮਸ਼ਹੂਰ ਹਸਤੀ ਰਾਜਵੀਰ ਜਵੰਦਾ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਭਰੀ ਜਵਾਨੀ ਵਿੱਚ ਰਾਜਵੀਰ ਜਵੰਦਾ ਦੇ ਇਸ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਕਹਿਣਾ ਦਿਲ ਨੂੰ ਝੰਜੋੜ ਦੇਣ ਵਾਲੀ ਘਟਨਾ ਹੈ। ਉਨ੍ਹਾਂ ਆਖਿਆ ਕਿ ਰਾਜਵੀਰ ਨੇ ਆਪਣੇ ਸੰਗੀਤ ਦੀ ਕਲਾ ਅਤੇ ਆਵਾਜ਼ ਰਾਹੀ ਪੰਜਾਬੀ ਮਾਂ ਬੋਲੀ ਦੇ ਗੀਤਾਂ ਅਤੇ ਪੰਜਾਬ ਦੇ ਸੱਭਿਆਚਾਰ ਨੂੰ ਦੇਸ਼ ਦੁਨੀਆਂ ਦੇ ਕੋਨਿਆਂ ਤੱਕ ਪਹੁੰਚਾਇਆ। ਪ੍ਰੋ ਚੰਦੂਮਾਜਰਾ ਨੇ ਆਖਿਆ ਕਿ ਉਨ੍ਹਾਂ ਦੇ ਅਚਾਨਕ ਇਸ ਦੁਨੀਆਂ ਤੋਂ ਚਲੇ ਜਾਣਾ ਜਿੱਥੇ ਪਰਿਵਾਰ ਲਈ ਇੱਕ ਵੱਡਾ ਸਦਮਾ ਹੈ, ਉੱਥੇ ਹੀ ਜਵੰਦਾ ਨੂੰ ਚਾਹੁਣ ਵਾਲੇ ਲੱਖਾਂ ਪੰਜਾਬੀਆਂ ਦਾ ਦਿਲਾਂ ‘ਤੇ ਵੀ ਗਹਿਰੀ ਸੱਟ ਲੱਗੀ। ਅਖੀਰ ‘ਚ ਉਨ੍ਹਾਂ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਖੜਦਿਆਂ ਪ੍ਰਮਾਤਮਾ ਅੱਗੇ ਰਾਜਵੀਰ ਜਵੰਦਾ ਦੀ ਵਿਛੜੀ ਰੂਹ ਨੂੰ ਚਰਨਾਂ ਵਿੱਚ ਨਿਵਾਸ ਦੇਣ ਅਤੇ ਪਰਿਵਾਰ ਅਤੇ ਚਾਹੁਣ ਵਾਲਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ ਦੀ ਅਰਦਾਸ ਕੀਤੀ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ