ਸੰਗਰੂਰ, 8 ਅਕਤੂਬਰ (ਹਿੰ. ਸ.)। ਸੰਗਰੂਰ ਜ਼ਿਲ੍ਹੇ ’ਚ ਬਿਜਲੀ ਸਪਲਾਈ ਦੇ ਬੁਨਿਆਦੀ ਢਾਂਚੇ ਦੇ ਵਿਕਾਸ ’ਤੇ 149 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ ਤਾਂ ਕਿ ਜ਼ਿਲ੍ਹਾ ਵਾਸੀਆਂ ਨੂੰ ਹੋਰ ਬਿਹਤਰ ਤੇ ਸੁਚਾਰੂ ਢੰਗ ਨਾਲ ਬਿਜਲੀ ਸਪਲਾਈ ਕੀਤੀ ਜਾ ਸਕੇ। ਇਹ ਪ੍ਰਗਟਾਵਾ ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਅਸ਼ੋਕ ਕੁਮਾਰ ਸਿੰਗਲਾ ਨੇ ਬਿਜਲੀ ਦੇ ਬੁਨਿਆਦੀ ਢਾਂਚੇ ਦੀ ਉਸਾਰੀ, ਵਾਧੇ ਅਤੇ ਨਵੀਨੀਕਰਨ ਦੇ ਕੰਮਾਂ ਲਈ ਕਰਵਾਏ ਜਾ ਰਹੇ ਵਰਚੂਅਲ ਸੂਬਾ ਪੱਧਰੀ ਸਮਾਗਮ ’ਚ ਸੰਗਰੂਰ ਦੇ ਮੰਗਵਾਲ ਗਰਿੱਡ ਤੋਂ ਸ਼ਮੂਲੀਅਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਮਿਸ਼ਨ ਰੋਸ਼ਨ ਪੰਜਾਬ ਤਹਿਤ ਸੂਬੇ ਨੂੰ ਦੇਸ਼ ਦਾ ਪਹਿਲਾ ਪਾਵਰ ਕੱਟ ਰਾਜ ਬਣਾਉਣ ਲਈ 5 ਹਜ਼ਾਰ ਕਰੋੜ ਰੁਪਏ ਦੇ ਬਿਜਲੀ ਅਪਗਰੇਡੇਸ਼ਨ ਦੇ ਕੰਮ ਦੀ ਸ਼ੁਰੂਆਤ ਕੀਤੀ ਹੈ, ਜਿਸ ਤਹਿਤ ਸੰਗਰੂਰ ਵਿਖੇ 149 ਕਰੋੜ ਰੁਪਏ ਨਾਲ ਫੀਡਰ ਡੀ ਲੋਡਿੰਗ, ਨਵੇਂ ਟਰਾਂਸਫ਼ਾਰਮਰ, ਨਵੇਂ 66 ਕੇ.ਵੀ. ਸਬ ਸਟੇਸ਼ਨ, ਪਾਵਰ ਟਰਾਂਸਫ਼ਾਰਮਰ ਤੇ 66 ਕੇ.ਵੀ. ਲਾਈਨ ਵਰਕ ਦਾ ਕੰਮ ਕੀਤਾ ਜਾਵੇਗਾ। ਅਸ਼ੋਕ ਕੁਮਾਰ ਸਿੰਗਲਾ ਨੇ ਦੱਸਿਆ ਕਿ ਅੱਜ 66 ਕੇ.ਵੀ. ਗਰਿੱਡ ਮੰਗਵਾਲ ਵਿਖੇ 11 ਕੇ.ਵੀ. ਨਾਭਾ ਗੇਟ, ਅੰਬੇਡਕਰ ਨਗਰ, ਨਵਾਂ ਮੰਗਵਾਲ ਸ਼ਹਿਰੀ ਫੀਡਰ, ਸੰਗਰੂਰ ਐਗਰੋ ਕੈਟਾਗਰੀ, ਮੰਗਵਾਲ ਏ.ਪੀ. ਅਤੇ ਨਾਈਵਾਲ ਏ.ਪੀ. ਫੀਡਰਾਂ ਦੇ ਪੁਰਾਣੇ 11 ਕੇ.ਵੀ. ਬ੍ਰੇਕਰਾਂ ਨੂੰ ਨਵੇਂ 11 ਕੇ.ਵੀ. ਬ੍ਰੇਕਰਾਂ ਨਾਲ ਬਦਲ ਕੇ ਸੰਗਰੂਰ ਜ਼ਿਲ੍ਹੇ ਵਿੱਚ ਨਵੀਨੀਕਰਨ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿਹਾ ਕਿ ਪਿਛਲੇ ਸਾਢੇ ਤਿੰਨ ਸਾਲਾਂ ਵਿੱਚ ਪੰਜਾਬ ਸਰਕਾਰ ਵੱਲੋਂ ਬਿਜਲੀ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਵੱਲ ਵਿਸ਼ੇਸ਼ ਤਵੱਜੋ ਦਿੱਤੀ ਗਈ ਹੈ, ਜਿਸ ਦੀ ਉਦਾਹਰਣ ਸਾਲ 2022 ਵਿੱਚ ਸਰਕਾਰ ਬਣਨ ਦੇ ਕੁਝ ਮਹੀਨਿਆਂ ਬਾਅਦ ਹੀ ਪਛਵਾੜਾ ਕੋਲਾ ਖਾਣ ਤੋਂ ਕੋਲੇ ਦੀ ਸਪਲਾਈ ਮੁੜ ਸ਼ੁਰੂ ਕਰਨ ਅਤੇ ਸਰਕਾਰ ਵੱਲੋਂ ਗੋਇੰਦਵਾਲ ਪਾਵਰ ਪਲਾਂਟ ਨੂੰ ਨਿੱਜੀ ਕੰਪਨੀ ਤੋਂ ਖ਼ਰੀਦ ਕੇ ਬਿਜਲੀ ਦੇ ਖੇਤਰ ਵਿੱਚ ਨਵਾਂ ਇਤਿਹਾਸ ਰਚੇ ਜਾਣ ਸਮੇਤ 88 ਹਜ਼ਾਰ ਨਵੇਂ ਟਰਾਂਸਫ਼ਾਰਮਰ ਲਗਾਉਣੇ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਅੱਜ ਮਿਸ਼ਨ ਰੋਸ਼ਨ ਪੰਜਾਬ ਦੇ ਤਹਿਤ ਇਸ ਖੇਤਰ ਵਿੱਚ ਹੋਰ ਵਿਕਾਸ ਦੇ ਕੰਮਾਂ ਦੀ ਸ਼ੁਰੂਆਤ ਕੀਤੀ ਗਈ ਹੈ। ਸੰਗਰੂਰ ਦੇ ਐਮ.ਐਲ.ਏ. ਮੈਡਮ ਨਰਿੰਦਰ ਕੌਰ ਭਰਾਜ ਦੀ ਤਰਫ਼ੋਂ ਪੁੱਜੇ ਉਨ੍ਹਾਂ ਦੇ ਨੁਮਾਇੰਦੇ ਗੁਰਵਿੰਦਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਜਿਥੇ ਬਿਜਲੀ ਸੁਧਾਰਾਂ ਲਈ ਕ੍ਰਾਂਤੀਕਾਰੀ ਕਦਮ ਚੁੱਕੇ, ਉਥੇ ਹੀ ਸਰਕਾਰ ਨੇ ਸਾਲ 2022 ਤੋਂ ਹੀ ਸੂਬਾ ਵਾਸੀਆਂ ਨੂੰ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਦੀ ਸੌਗਾਤ ਦਿੱਤੀ ਹੈ, ਜਿਸ ਦਾ ਸੂਬੇ ਦੇ 90 ਫ਼ੀਸਦੀ ਘਰਾਂ ਨੂੰ ਲਾਭ ਜ਼ੀਰੋ ਬਿਜਲੀ ਬਿੱਲ ਨਾਲ ਮਿਲ ਰਿਹਾ ਹੈ। ਇਸ ਪਹਿਲਕਦਮੀ ਨੇ ਆਮ ਆਦਮੀ ਦੀ ਜੇਬ ਤੋਂ ਵੱਡਾ ਬੋਝ ਘਟਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਬਿਜਲੀ ਸਬੰਧੀ ਸ਼ਿਕਾਇਤਾਂ ਨੂੰ ਦੂਰ ਕਰਨ ਲਈ ਪੰਜਾਬ ਸਰਕਾਰ ਵੱਲੋਂ ਸਥਾਪਤ ਕਾਲ ਸੈਂਟਰ ਵਿਖੇ 120 ਮੈਂਬਰਾਂ ਦੀ ਟੀਮ ਨੂੰ ਵਧਾਕੇ 300 ਕੀਤਾ ਗਿਆ ਹੈ ਤਾਂ ਜੋ ਖਪਤਕਾਰਾਂ ਦੀ ਸ਼ਿਕਾਇਤਾਂ ਦਾ ਨਿਪਟਾਰਾ ਹੋਰ ਤੇਜ਼ੀ ਨਾਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਅੱਜ ਜਿਹੜੇ ਬਿਜਲੀ ਦੇ ਬੁਨਿਆਦੀ ਢਾਂਚੇ ਦੀ ਉਸਾਰੀ, ਵਾਧੇ ਅਤੇ ਨਵੀਨੀਕਰਨ ਦੇ ਕੰਮਾਂ ਦੀ ਸ਼ੁਰੂਆਤ ਕੀਤੀ ਗਈ ਹੈ, ਇਹ ਸੂਬੇ ਦੀਆਂ 2035 ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਜਾ ਰਹੀ ਹੈ ਜਿਸ ਦਾ ਸੂਬਾ ਵਾਸੀਆਂ ਨੂੰ ਵੱਡਾ ਲਾਭ ਹੋਵੇਗਾ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ