ਅਮਰਗੜ੍ਹ/ਮਾਲੇਰਕੋਟਲਾ, 8 ਅਕਤੂਬਰ (ਹਿੰ. ਸ.)।ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਵਾਤਾਵਰਣ ਦੀ ਸੁਰੱਖਿਆ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਸਬੰਧ ‘ਚ ਅੱਜ ਵਧੀਕ ਡਿਪਟੀ ਕਮਿਸ਼ਨਰ ਸੁਖਪ੍ਰੀਤ ਸਿੰਘ ਸਿੱਧੂ ਨੇ ਪਿੰਡ ਭੱਟੀਆ ਕਲਾਂ ਦਾ ਦੌਰਾ ਕਰਕੇ ਕਿਸਾਨਾਂ ਨਾਲ ਸਿੱਧਾ ਸੰਪਰਕ ਕੀਤਾ ਤੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣਦਿਆਂ ਪਰਾਲੀ ਦੇ ਯੋਗ ਪ੍ਰਬੰਧਨ ਲਈ ਪ੍ਰੇਰਿਤ ਕੀਤਾ।
ਏ.ਡੀ.ਸੀ ਨੇ ਕਿਸਾਨਾਂ ਨੂੰ ਕਿਹਾ ਕਿ ਪਰਾਲੀ ਸਾੜਨ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਘਟਦੀ ਹੈ ਅਤੇ ਹਵਾ ਪ੍ਰਦੂਸ਼ਿਤ ਹੁੰਦੀ ਹੈ। ਉਨ੍ਹਾਂ ਕਿਹਾ ਕਿ “ਹਰੇਕ ਕਿਸਾਨ ਦਾ ਫ਼ਰਜ਼ ਹੈ ਕਿ ਉਹ ਵਾਤਾਵਰਣ ਅਤੇ ਧਰਤੀ ਮਾਂ ਦੀ ਰੱਖਿਆ ਕਰੇ — ਪਰਾਲੀ ਸਾੜਨ ਦੀ ਬਜਾਏ ਇਸ ਨੂੰ ਖੇਤ ਵਿੱਚ ਮਿਲਾ ਕੇ ਉਪਜਾਊਤਾ ਵਧਾਏ।”
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਪੂਰੀ ਟੀਮ ਕਿਸਾਨਾਂ ਦੇ ਨਾਲ ਖੜ੍ਹੀ ਹੈ ਅਤੇ ਜਰੂਰੀ ਮਸ਼ੀਨਰੀ ਪ੍ਰਦਾਨ ਕਰਨ ਲਈ “ਉੱਨਤ ਕਿਸਾਨ” ਮੋਬਾਈਲ ਐਪ ਰਾਹੀਂ ਤੁਰੰਤ ਸਹਾਇਤਾ ਉਪਲੱਬਧ ਹੈ। ਕਿਸਾਨ ਹੁਣ ਆਪਣੇ ਘਰ ਬੈਠੇ ਹੀ 1375 ਤੋਂ ਵੱਧ ਸੀ.ਆਰ.ਐਮ. ਮਸ਼ੀਨਾਂ (ਬੇਲਰ, ਮਲਚਰ, ਹੈਪੀ ਸੀਡਰ, ਸੁਪਰ ਸੀਡਰ, ਪਲਾਅ ਆਦਿ) ਵਿੱਚੋਂ ਲੋੜ ਅਨੁਸਾਰ ਬੁੱਕ ਕਰ ਸਕਦੇ ਹਨ।
ਏ.ਡੀ.ਸੀ ਨੇ ਹੋਰ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਅਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਖੇਤ ਪੱਧਰ ‘ਤੇ ਨਿਗਰਾਨੀ ਅਤੇ ਜਾਗਰੂਕਤਾ ਦੋਵੇਂ ਮੋਰਚਿਆਂ ‘ਤੇ ਕਾਰਵਾਈ ਜਾਰੀ ਹੈ, ਤਾਂ ਜੋ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਨਾ ਆਵੇ ਅਤੇ ਵਾਤਾਵਰਣ ਸੁਰੱਖਿਅਤ ਰਹੇ।
ਖੇਤੀਬਾੜੀ ਵਿਕਾਸ ਅਫਸਰ ਲਜਿੰਦਰ ਸਿੰਘ ਨੇ ਦੱਸਿਆ ਕਿ ਇਹ ਐਪ ਹਰ ਮਸ਼ੀਨ ਨੂੰ ਜ਼ਮੀਨੀ ਖੇਤਰ ਅਨੁਸਾਰ ਜੀਓ-ਟੈਗ ਕਰਦੀ ਹੈ, ਜਿਸ ਨਾਲ ਪਰਾਲੀ ਪ੍ਰਬੰਧਨ ਦੀ ਪੂਰੀ ਪ੍ਰਕਿਰਿਆ ਦੀ ਨਿਗਰਾਨੀ ਅਤੇ ਰਿਕਾਰਡਬੰਦੀ ਆਸਾਨ ਹੁੰਦੀ ਹੈ। ਇਹ ਮੰਚ ਛੋਟੇ ਅਤੇ ਸੀਮਾਂਤ ਕਿਸਾਨਾਂ ਤੱਕ ਟਿਕਾਊ ਖੇਤੀਬਾੜੀ ਤਕਨੀਕਾਂ ਪਹੁੰਚਾਉਣ ਵੱਲ ਇੱਕ ਕ੍ਰਾਂਤਿਕਾਰੀ ਕਦਮ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ