ਸਾਹਿਬਜ਼ਾਦਾ ਅਜੀਤ ਸਿੰਘ ਨਗਰ, 8 ਅਕਤੂਬਰ (ਹਿੰ. ਸ.)। ਪੰਜਾਬ ਨੰਬਰਦਾਰ ਯੂਨੀਅਨ, ਸਬ ਤਹਿਸੀਲ ਬਨੂੜ ਵੱਲੋਂ ਪ੍ਰਧਾਨ ਕੁਲਬੀਰ ਸਿੰਘ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੂੰ 1.20 ਲੱਖ ਰੁਪਏ ਦਾ ਚੈੱਕ ਸੂਬੇ ਦੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਸੌਂਪਿਆ ਗਿਆ।
ਡਿਪਟੀ ਕਮਿਸ਼ਨਰ ਨੇ ਸਬ ਤਹਿਸੀਲ ਬਨੂੜ ਦੇ ਨੰਬਰਦਾਰਾਂ ਦੀ ਇਸ ਪਹਿਲਕਦਮੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਹੜ੍ਹ ਪੀੜਤਾਂ ਨੂੰ ਪੁਨਰ ਵਸੇਬੇ ਲਈ ਮਦਦ ਦੀ ਅਤਿਅੰਤ ਲੋੜ ਹੈ ਅਤੇ ਇਸ ਲਈ ਜਿੰਨੀ ਵੀ ਮਦਦ, ਉਹਨਾਂ ਦੇ ਮੁੜ ਵਸੇਬੇ ਲਈ ਕੀਤੀ ਜਾਵੇ, ਉਹ ਉਨ੍ਹਾਂ ਦੇ ਨੁਕਸਾਨ ਦੇ ਮੁਕਾਬਲੇ ਭਾਵੇਂ ਥੋੜ੍ਹੀ ਹੈ ਪਰ ਹੌਸਲਾ ਅਫ਼ਜ਼ਾਈ ਲਈ ਕਾਫੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਤੇ ਵੱਖ-ਵੱਖ ਐਨ ਜੀ ਓਜ਼ ਵੱਲੋਂ ਇਹਨਾਂ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਵੱਡੇ ਪੱਧਰ ਤੇ ਅੱਗੇ ਆ ਕੇ ਕੰਮ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੇ ਲੋਕਾਂ ਵੱਲੋਂ ਵੀ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਮਦਦ ਭੇਜੀ ਗਈ ਹੈ ਅਤੇ ਜ਼ਿਲਾ ਰੈਡ ਕ੍ਰਾਸ ਸੁਸਾਇਟੀ ਵੱਲੋਂ ਵੀ ਸਮੇਂ-ਸਮੇਂ ਤੇ ਮਦਦ ਭੇਜੀ ਗਈ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ