ਪਟਿਆਲਾ, 8 ਅਕਤੂਬਰ (ਹਿੰ. ਸ.)। ਪਟਿਆਲਾ ਜ਼ਿਲ੍ਹੇ ਦੇ ਪਿੰਡ ਸਲੇਮਪਰ ਸੇਖਾਂ ਵਿਖੇ ਸੰਤ ਬਾਬਾ ਦਯਾ ਸਿੰਘ ਜੀ ਦੀ ਸਲਾਨਾ ਬਰਸੀ ਹਮੇਸ਼ਾਂ ਦੀ ਤਰ੍ਹਾਂ ਧਾਰਮਿਕ ਸ਼ਰਧਾ ਅਤੇ ਧੂਮਧਾਮ ਨਾਲ ਮਨਾਈ ਗਈ। ਇਸ ਪਵਿੱਤਰ ਮੌਕੇ ਯੂਥ ਅਕਾਲੀ ਦਲ ਦੇ ਪ੍ਰਧਾਨ ਅਤੇ ਕੋਰ ਕਮੇਟੀ ਮੈਂਬਰ ਸਰਬਜੀਤ ਸਿੰਘ ਝਿੰਜਰ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਿਰਕਤ ਕਰ ਕੇ ਸਤਿਕਾਰ ਯੋਗ ਸੰਤ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ।
ਇਸ ਸਮਾਗਮ ਦੌਰਾਨ ਸਰਬਜੀਤ ਸਿੰਘ ਝਿੰਜਰ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ, ਹਲਕਾ ਘਨੌਰ ਵੱਲੋਂ ‘ਮੇਰੀ ਦਸਤਾਰ ਮੇਰੀ ਸ਼ਾਨ’ ਮੁਹਿੰਮ ਤਹਿਤ ਵਿਸ਼ੇਸ਼ ਦਸਤਾਰ ਕੈਂਪ ਲਗਾਇਆ ਗਿਆ। ਇਸ ਉਪਰਾਲੇ ਦਾ ਮੁੱਖ ਉਦੇਸ਼ ਨੌਜਵਾਨਾਂ ਅਤੇ ਬੱਚਿਆਂ ਨੂੰ ਗੁਰੂ ਸਾਹਿਬਾਨਾਂ ਵੱਲੋਂ ਬਖ਼ਸ਼ੀ ਹੋਈ ਦਸਤਾਰ ਨਾਲ ਜੋੜਣਾ ਅਤੇ ਉਨ੍ਹਾਂ ਵਿੱਚ ਸਿੱਖੀ ਪ੍ਰਤੀ ਜਾਗਰੂਕਤਾ ਪੈਦਾ ਕਰਨੀ ਸੀ।
ਇਸ ਮੌਕੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਯੂਥ ਵਿੰਗ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਉਪਰਾਲਾ ਸਿੱਖੀ ਦੀ ਚਾਨਣੀ ਨੂੰ ਨੌਜਵਾਨ ਪੀੜ੍ਹੀ ਤੱਕ ਪਹੁੰਚਾਉਣ ਦੀ ਇੱਕ ਸ਼ਲਾਘਾਯੋਗ ਕੋਸ਼ਿਸ਼ ਹੈ।
ਸਰਬਜੀਤ ਸਿੰਘ ਝਿੰਜਰ ਨੇ ਆਗਾਹ ਕਰਵਾਇਆ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਇਹ ਮੁਹਿੰਮ ਅੱਗੇ ਵੀ ਨਿਰੰਤਰ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਯੂਥ ਅਕਾਲੀ ਦਲ ਸਿੱਖ ਕੌਮ ਦੇ ਇਤਿਹਾਸ, ਵਿਰਸੇ ਅਤੇ ਸਵੈਮਾਣ ਦੀ ਰਾਖੀ ਲਈ ਸੱਚੇ ਦਿਲੋਂ ਵਚਨਬੱਧ ਹੈ। ਇਹ ਉਪਰਾਲੇ ਸਿੱਖੀ ਦੀ ਅਸਲ ਰੂਹ ਨੂੰ ਨੌਜਵਾਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਹਨ।
ਉਨ੍ਹਾਂ ਸਾਫ਼ ਕਿਹਾ ਕਿ ਦਸਤਾਰ ਸਾਡੀ ਪਹਿਚਾਣ, ਸਾਡਾ ਮਾਣ ਅਤੇ ਗੁਰੂ ਸਾਹਿਬਾਨਾਂ ਵੱਲੋਂ ਮਿਲਿਆ ਅਨਮੋਲ ਤੋਹਫ਼ਾ ਹੈ, ਜਿਸ ਦੀ ਰੱਖਿਆ ਅਤੇ ਮਾਣ ਕਰਨਾ ਸਾਡਾ ਫਰਜ ਹੈ। ਇਨ੍ਹਾਂ ਕੈਂਪਾਂ ਰਾਹੀਂ ਨੌਜਵਾਨਾਂ ਨੂੰ ਆਪਣੀ ਸੱਭਿਆਚਾਰਕ ਅਤੇ ਧਾਰਮਿਕ ਪਛਾਣ ਵੱਲ ਵਾਪਸ ਲਿਆਉਣ ਦੀ ਜਾਗਰੂਕਤਾ ਫੈਲਾਈ ਜਾ ਰਹੀ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਤਰਨਤਾਰਨ ਵਿਖੇ ਬਾਬਾ ਬੁੱਢਾ ਸਾਹਿਬ ਜੀ ਦੇ ਜੋੜ ਮੇਲੇ ਦੌਰਾਨ ਵੀ ‘ਮੇਰੀ ਦਸਤਾਰ ਮੇਰੀ ਸ਼ਾਨ’ ਮੁਹਿੰਮ ਤਹਿਤ ਵੱਡੇ ਪੱਧਰ ਉੱਤੇ ਦਸਤਾਰ ਕੈਂਪ ਲਗਾਇਆ ਗਿਆ ਸੀ।
ਅੰਤ ਵਿੱਚ ਝਿੰਜਰ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਸ਼੍ਰੋਮਣੀ ਅਕਾਲੀ ਦਲ ਹੀ ਇਕਮਾਤਰ ਅਜਿਹੀ ਸਿਆਸੀ ਪਾਰਟੀ ਹੈ ਜੋ ਸਿੱਖੀ ਦੇ ਹਿੱਤਾਂ ਲਈ ਨਿਰੰਤਰ ਤਨਦੇਹੀ ਨਾਲ ਕੰਮ ਕਰ ਰਹੀ ਹੈ ਅਤੇ ਉਨ੍ਹਾਂ ਦੇ ਵਰਕਰ ਸੱਚਮੁੱਚ ਸਿੱਖ ਪੰਥ ਨੂੰ ਸਮਰਪਿਤ ਹਨ। ਇਸੀ ਕਾਰਨ 'ਮੇਰੀ ਦਸਤਾਰ ਮੇਰੀ ਸ਼ਾਨ' ਵਰਗੇ ਕਈ ਕੈਂਪ ਸਫ਼ਲਤਾਪੂਰਵਕ ਲਗਾਏ ਗਏ ਹਨ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ