ਹੁਸ਼ਿਆਰਪੁਰ, 9 ਅਕਤੂਬਰ (ਹਿੰ. ਸ.)। ਪੰਜਾਬ ਸਰਕਾਰ ਦੇ 'ਰੋਸ਼ਨ ਪੰਜਾਬ ਪ੍ਰੋਜੈਕਟ' ਤਹਿਤ ਜ਼ਿਲ੍ਹੇ ‘ਚ 298 ਕਰੋੜ ਰੁਪਏ ਦੀ ਲਾਗਤ ਨਾਲ ਬਿਜਲੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਵੱਡੇ ਪੱਧਰ ‘ਤੇ ਬਾਈਫਰਕੇਸ਼ਨ ਕੰਮਾਂ ਦੀ ਸ਼ੁਰੂਆਤ ਕੀਤੀ ਗਈ ਹੈ। ਇਨ੍ਹਾਂ ਕੰਮਾਂ ਦਾ ਸ਼ੁਭ ਆਰੰਭ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਵੱਲੋਂ 11 ਕੇਵੀ ਸਬ-ਸਟੇਸ਼ਨ, ਹੁਸ਼ਿਆਰਪੁਰ ਵਿਖੇ ਕੀਤਾ ਗਿਆ। ਇਹ ਪ੍ਰੋਜੈਕਟ ਪੰਜਾਬ ਸਰਕਾਰ ਵੱਲੋਂ ਪੂਰੇ ਰਾਜ ਵਿਚ ਲੱਗਭਗ 5000 ਕਰੋੜ ਰੁਪਏ ਦੀ ਲਾਗਤ ਨਾਲ ਸ਼ੁਰੂ ਕੀਤਾ ਗਿਆ ਹੈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵਰਚੁਅਲ ਢੰਗ ਨਾਲ ਪੂਰੇ ਪੰਜਾਬ ਵਿਚ ਇਕੱਠਿਆਂ ਹੀ ਇਸ ਪ੍ਰੋਜੈਕਟ ਦਾ ਸ਼ੁਭ ਆਰੰਭ ਰੰਭ ਕੀਤਾ। ਵਿਧਾਇਕ ਜਿੰਪਾ ਨੇ ਕਿਹਾ ਕਿ 'ਰੋਸ਼ਨ ਪੰਜਾਬ ਪ੍ਰੋਜੈਕਟ' ਰਾਜ ਦੀ ਬਿਜਲੀ ਪ੍ਰਣਾਲੀ ਨੂੰ ਨਵੀਂ ਦਿਸ਼ਾ ਦੇਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਕੀਤੇ ਜਾ ਰਹੇ 11 ਕੇਵੀ ਫੀਡਰ ਦੇ ਬਾਈਫਰਕੇਸ਼ਨ ਕੰਮਾਂ ਨਾਲ ਬਿਜਲੀ ਦਾ ਲੋਡ ਸੰਤੁਲਿਤ ਹੋਵੇਗਾ ਅਤੇ ਖਪਤਕਾਰਾਂ ਨੂੰ ਨਿਰੰਤਰ ਤੇ ਨਿਰਵਿਘਨ ਸਪਲਾਈ ਮਿਲੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ‘ਚ ਪੰਜਾਬ ਬਿਜਲੀ ਆਤਮਨਿਰਭਰਤਾ ਵੱਲ ਤੇਜ਼ ਗਤੀ ਨਾਲ ਵੱਧ ਰਿਹਾ ਹੈ ਅਤੇ ਆਉਣ ਵਾਲੇ ਸਮੇਂ ‘ਚ ਰਾਜ ‘ਚ ਪਾਵਰ ਕਟਾਂ ਦਾ ਦੌਰ ਖ਼ਤਮ ਹੋ ਜਾਵੇਗਾ। ਜਿੰਪਾ ਨੇ ਪਾਵਰਕੌਮ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬਿਜਲੀ ਕਰਮਚਾਰੀਆਂ ਦੀ ਸੁਰੱਖਿਆ ਨੂੰ ਸਭ ਤੋਂ ਪਹਿਲਾਂ ਤਰਜੀਹ ਦਿੱਤੀ ਜਾਵੇ ਅਤੇ ਸਾਰੇ ਲਾਜ਼ਮੀ ਸੁਰੱਖਿਆ ਉਪਕਰਣਾਂ ਦੀ ਵਰਤੋਂ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬਿਜਲੀ ਕਰਮਚਾਰੀਆਂ ਦੇ ਹਿੱਤਾਂ ਦੀ ਰੱਖਿਆ ਤੇ ਖਪਤਕਾਰਾਂ ਨੂੰ ਚੰਗੀਆਂ ਸੁਵਿਧਾਵਾਂ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ 'ਰੋਸ਼ਨ ਪੰਜਾਬ ਪ੍ਰੋਜੈਕਟ' ਰਾਜ ਦੇ ਵਿਕਾਸ ਵੱਲ ਇਕ ਇਤਿਹਾਸਕ ਕਦਮ ਹੈ। ਇਸ ਨਾਲ ਨਾ ਸਿਰਫ ਬਿਜਲੀ ਦੀ ਉਪਲਬੱਧਤਾ ਵਧੇਗੀ, ਸਗੋਂ ਉਦਯੋਗਿਕ ਖੇਤਰ ਨੂੰ ਵੀ ਵੱਡਾ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਹਰ ਪਿੰਡ ਅਤੇ ਹਰ ਸ਼ਹਿਰ ਤੱਕ 24 ਘੰਟੇ ਨਿਰੰਤਰ ਬਿਜਲੀ ਸਪਲਾਈ ਪਹੁੰਚਾ ਕੇ ‘ਰੋਸ਼ਨ ਪੰਜਾਬ’ ਦੇ ਸੁਪਨੇ ਨੂੰ ਹਕੀਕਤ ਬਣਾਉਣਾ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ