ਡੇਰਾਬੱਸੀ, 9 ਅਕਤੂਬਰ (ਹਿੰ. ਸ.)। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਮੁਹਿੰਮ ਤਹਿਤ, ਡੇਰਾਬੱਸੀ ਹਲਕੇ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਬੀ.ਡੀ.ਪੀ.ਓ. ਦਫ਼ਤਰ ਵਿਖੇ ਡੇਰਾਬੱਸੀ ਸਰਕਲ ਦੇ 20 ਪਿੰਡਾਂ ਦੇ ਸਰਪੰਚਾਂ ਅਤੇ ਉਨ੍ਹਾਂ ਨਾਲ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।
ਇਸ ਮੌਕੇ ਵਿਧਾਇਕ ਨੇ ਪਿੰਡਾਂ ਦੇ ਵਿਕਾਸ ਕਾਰਜਾਂ ਦੀ ਸਮੀਖਿਆ ਕਰਦਿਆਂ ਆਪਸੀ ਤਾਲਮੇਲ ਨਾਲ, ਅਧੂਰੇ ਪਏ ਕੰਮਾਂ ਨੂੰ ਜਲਦ ਤੋਂ ਜਲਦ ਪੂਰਾ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਪ੍ਰਾਥਮਿਕਤਾ ਪਿੰਡਾਂ ਨੂੰ ਸਾਫ-ਸੁਥਰਾ, ਹਰਿਆਵਲਾ ਅਤੇ ਸੁਵਿਧਾਜਨਕ ਬਣਾਉਣਾ ਹੈ, ਤਾਂ ਜੋ ਪਿੰਡਾਂ ਵਿੱਚ ਬਿਹਤਰ ਜੀਵਨ ਮਿਆਰ ਯਕੀਨੀ ਬਣਾਇਆ ਜਾ ਸਕੇ।
ਰੰਧਾਵਾ ਨੇ ਸਰਪੰਚਾਂ ਨੂੰ ਅਪੀਲ ਕੀਤੀ ਕਿ ਉਹ ਪਿੰਡਾਂ ਵਿੱਚ ਗੰਦਗੀ ਮੁਕਤ ਵਾਤਾਵਰਣ, ਨਿਕਾਸੀ ਪ੍ਰਣਾਲੀ ਚ ਸੁਧਾਰ, ਪਾਣੀ ਦੇ ਸਹੀ ਪ੍ਰਬੰਧ, ਰੋਸ਼ਨੀ ਦੇ ਪ੍ਰਬੰਧ ਤੇ ਕੂੜਾ ਪ੍ਰਬੰਧਨ ਵਰਗੇ ਮੁੱਦਿਆਂ ‘ਤੇ ਖਾਸ ਧਿਆਨ ਦੇਣ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਵਿਕਾਸ ਲਈ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੀਟਿੰਗ ਵਿੱਚ ਅਮਲਾਲਾ, ਬਰੋਲੀ, ਨਿੰਬੂਆ, ਬਾਕਰਪੁਰ, ਬਿੱਜਨਪੁਰ, ਖੇੜੀ ਗੁਜਰਾਂ, ਕਾਰਕੌਰ, ਚੰਡਿਆਲਾ, ਪਰਾਗਪੁਰ, ਬੈਰ ਮਾਜਰਾ, ਜਵਾਹਰਪੁਰ, ਭਗਵਾਨਪੁਰ, ਫਤਿਹਪੁਰ ਜੱਟਾਂ, ਰਾਜੋ ਮਾਜਰਾ, ਹਰੀਪੁਰ ਹਿੰਦੂਆਂ, ਬੇਹੜਾ, ਇਬਰਾਹਿਮਪੁਰ, ਮੀਆਂਪੁਰ,ਤ੍ਰਿਵੇਦੀ ਕੈਂਪ ਅਤੇ ਸਾਧਨਗਰ ਕਲੋਨੀ ਪਿੰਡਾਂ ਦੇ ਸਰਪੰਚ ਮੌਜੂਦ ਸਨ।
ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਸਮੁੱਚੇ ਵਿਕਾਸ ਲਈ ਕਈ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ, ਅਤੇ ਸਰਪੰਚਾਂ ਦੀ ਸਰਗਰਮ ਭੂਮਿਕਾ ਨਾਲ ਇਹ ਯੋਜਨਾਵਾਂ ਸਫਲ ਤਰੀਕੇ ਨਾਲ ਜ਼ਮੀਨੀ ਪੱਧਰ ‘ਤੇ ਲਾਗੂ ਹੋਣਗੀਆਂ।
ਵਿਧਾਇਕ ਨੇ ਸਰਪੰਚਾਂ ਨੂੰ ਆਪਣੇ ਪਿੰਡ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਖੇਡਾਂ ਵੱਲ ਰੁਚਿਤ ਕਰਨ ਲਈ, ਆਪੋ-ਆਪਣੇ ਪਿੰਡਾਂ ਵਿੱਚ ਖੇਡ ਮੈਦਾਨ ਬਣਾਉਣ ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਆਖਿਆ ਕਿ ਇਹ ਖੇਡ ਗਰਾਊਂਡ ਮਨਰੇਗਾ ਅਧੀਨ ਬਣਾਏ ਜਾ ਸਕਦੇ ਹਨ।
ਮੀਟਿੰਗ ਦੌਰਾਨ ਬੀ.ਡੀ.ਪੀ.ਓ. ਡੇਰਾਬੱਸੀ ਵੱਲੋਂ ਪਿੰਡਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਪ੍ਰਗਤੀ ਰਿਪੋਰਟ ਵੀ ਪੇਸ਼ ਕੀਤੀ ਗਈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ