ਫਾਜਿ਼ਲਕਾ, 9 ਅਕਤੂਬਰ (ਹਿੰ. ਸ.)। ਦੀਵਾਲੀ ਮੌਕੇ ਪਟਾਖਿਆਂ ਦੀ ਵਿਕਰੀ ਲਈ ਆਰਜੀ ਲਾਇਸੈਂਸ ਦੇਣ ਲਈ ਡ੍ਰਾਅ ਇੱਥੇ ਜਿ਼ਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਦੀ ਦੇਖਰੇਖ ਵਿਚ ਅਪਲਾਈ ਕਰਨ ਵਾਲਿਆਂ ਦੀ ਹਾਜਰੀ ਵਿਚ ਕੱਢੇ ਗਏ। ਇਸ ਮੌਕੇ ਉਨ੍ਹਾਂ ਨਾਲ ਸਹਾਇਕ ਕਮਿਸ਼ਨਰ (ਜ) ਅਮਨਦੀਪ ਸਿੰਘ ਮਾਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।
ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਅਨੁਸਾਰ ਬਣੀ ਨੀਤੀ ਅਨੁਸਾਰ ਇਹ ਡ੍ਰਾਅ ਕੱਢੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਨਿਰਧਾਰਤ ਥਾਂਵਾਂ ਤੋਂ ਬਿਨ੍ਹਾਂ ਹੋਰ ਕਿਤੇ ਵੀ ਪਟਾਖਿਆਂ ਦੀ ਵਿਕਰੀ ਨਹੀਂ ਕੀਤੀ ਜਾ ਸਕੇਗੀ। ਉਨ੍ਹਾਂ ਨੇ ਦੱਸਿਆ ਕਿ ਇਸ ਡ੍ਰਾਅ ਲਈ ਜਿ਼ਲ੍ਹੇ ਵਿਚ 2192 ਅਰਜੀਆਂ ਆਈਆਂ ਸਨ ਜਿੰਨ੍ਹਾਂ ਵਿਚੋਂ ਡ੍ਰਾਅ ਰਾਹੀਂ ਅਬੋਹਰ ਲਈ 25, ਜਲਾਲਾਬਾਦ ਅਤੇ ਫਾਜਿ਼ਲਕਾ ਲਈ 18-18 ਅਤੇ ਅਰਨੀਵਾਲਾ ਲਈ 6 ਆਰਜੀ ਲਾਇਸੈਂਸ ਦੇਣ ਲਈ ਲਾਭਪਾਤਰੀਆਂ ਦੀ ਚੋਣ ਕੀਤੀ ਗਈ। ਇਸ ਪ੍ਰਕਾਰ ਜਿ਼ਲ੍ਹੇ ਵਿਚ ਕੁੱਲ 67 ਆਰਜੀ ਲਾਇਸੈਂਸ ਜਾਰੀ ਕੀਤੇ ਗਏ ਹਨ।
ਉਨ੍ਹਾਂ ਨੇ ਦੱਸਿਆ ਕਿ ਦੀਵਾਲੀ ਵਾਲੀ ਰਾਤ ਨੂੰ ਰਾਤ 8 ਤੋਂ ਰਾਤ 10 ਵਜੇ ਤੱਕ ਹੀ ਪਟਾਖੇ ਚਲਾਏ ਜਾ ਸਕਦੇ ਹਨ। ਆਰਜੀ ਲਾਇਸੈਂਸ ਧਾਰਕ ਫਾਜਿਲ਼ਕਾ ਵਿਖੇ ਬਹੁਮੰਤਵੀ ਖੇਡ ਸਟੇਡੀਅਮ ਐਮਆਰ ਕਾਲਜ ਰੋਡ (ਸਿਵਾਏ ਪਲੇਅ ਗਰਾਉਂਡ ਏਰੀਆ) ਵਿਖੇ, ਅਬੋਹਰ ਵਿਚ ਪੁੱਡਾ ਕਲੌਨੀ, ਫਾਜਿ਼ਲਕਾ ਰੋਡ ਅਬੋਹਰ ਵਿਖੇ, ਜਲਾਲਾਬਾਦ ਵਿਚ ਖੇਡ ਸਟੇਡੀਅਮ (ਸਿਵਾਏ ਪਲੇਅ ਗਰਾਉਂਡ ਏਰੀਆ) ਅਤੇ ਅਰਨੀਵਾਲਾ ਵਿਚ ਥਾਣੇ ਨੇ ਨਾਲ ਲੱਗਦੀ ਪੰਚਾਇਤੀ ਜਮੀਨ ਵਿਚ ਆਪਣੇ ਸਟਾਲ ਲਗਾ ਸਕਨਗੇ। ਆਰਜੀ ਲਾਇਸੈਂਸ ਧਾਰਕਾਂ ਨੂੰ ਸਾਰੇ ਸਰਕਾਰੀ ਨਿਯਮਾਂ ਦਾ ਪਾਲਣਾ ਕਰਨਾ ਲਾਜਮੀ ਹੋਵੇਗਾ। ਸਟੇਜ ਦਾ ਸੰਚਾਲਨ ਸਿਖਿਆ ਵਿਭਾਗ ਤੋਂ ਵਿਜੈ ਪਾਲ ਨੇ ਬਾਖੂਬੀ ਢੰਗ ਨਾਲ ਕੀਤਾ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ