ਚੰਡੀਗੜ੍ਹ, 9 ਅਕਤੂਬਰ (ਹਿੰ. ਸ.)। ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ, ਜੋ ਮੁਲਾਜ਼ਮਾਂ ਦੇ ਮਸਲਿਆਂ ਦੇ ਹੱਲ ਲਈ ਗਠਿਤ ਕੈਬਨਿਟ ਸਬ-ਕਮੇਟੀ ਦੇ ਚੇਅਰਮੈਨ ਵੀ ਹਨ, ਨੇ ਅੱਜ ਇਥੇ ਵੇਰਕਾ ਮਿਲਕ ਅਤੇ ਕੈਟਲ ਫੀਡ ਪਲਾਂਟ ਆਊਟਸੋਰਸਡ ਮੁਲਜ਼ਮ ਯੂਨੀਅਨ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਮਿਲਕਫੈੱਡ ਦੇ ਅਧਿਕਾਰੀਆਂ ਨੂੰ ਤੁਰੰਤ ਇੱਕ ਉੱਚ-ਪੱਧਰੀ ਕਮੇਟੀ ਬਣਾਉਣ ਦੇ ਨਿਰਦੇਸ਼ ਦਿੱਤੇ।
ਇਹ ਨਿਰਦੇਸ਼ ਵੇਰਕਾ ਮੁੱਖ ਦਫ਼ਤਰ ਵਿਖੇ ਯੂਨੀਅਨ ਦੇ ਨੁਮਾਇੰਦਿਆਂ ਨਾਲ ਹੋਈ ਮੀਟਿੰਗ ਦੌਰਾਨ ਜਾਰੀ ਕੀਤੇ ਗਏ, ਜਿਸ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਯੂਨੀਅਨ ਦੀਆਂ ਮੰਗਾਂ, ਚਿੰਤਾਂਵਾਂ ਅਤੇ ਮੁੱਦਿਆਂ ਨੂੰ ਗੌਰ ਨਾਲ ਸੁਣਿਆ।
ਵਿੱਤ ਮੰਤਰੀ ਨੇ ਨਿਰਦੇਸ਼ ਦਿੱਤਾ ਕਿ ਯੂਨੀਅਨ ਦੇ ਮੁੱਦਿਆ ਦੇ ਵਿਆਪਕ ਹੱਲ ਨੂੰ ਯਕੀਨੀ ਬਣਾਉਣ ਲਈ ਵੱਖ-ਵੱਖ ਨੁਮਾਇੰਦਿਆਂ ਦੀ ਇੱਕ ਕਮੇਟੀ ਬਣਾਈ ਜਾਵੇ, ਜਿਸ ਵਿੱਚ ਵਿੱਤ ਵਿਭਾਗ ਦਾ ਇੱਕ ਸੀਨੀਅਰ ਅਧਿਕਾਰੀ, ਮਿਲਕਫੈੱਡ ਦੇ ਚੇਅਰਮੈਨ, ਮਿਲਕਫੈੱਡ ਦੇ ਐਮ.ਡੀ, ਮਿਲਕਫੈੱਡ ਦੇ ਡਾਇਰੈਕਟਰ, ਜਨਰਲ ਮੈਨੇਜਰ ਐਚਆਰ ਮਿਲਕਫੈੱਡ, ਮੈਨੇਜਰ ਵਿੱਤ ਅਤੇ ਯੂਨੀਅਨ ਦੇ ਦੋ ਨੁਮਾਇੰਦੇ ਸ਼ਾਮਲ ਕੀਤੇ ਜਾਣ।
ਵਿੱਤ ਮੰਤਰੀ ਚੀਮਾ ਨੇ ਇਸ ਨਵ-ਗਠਿਤ ਕਮੇਟੀ ਨੂੰ ਯੂਨੀਅਨ ਦੇ ਮੁੱਦਿਆਂ ਦੇ ਹੱਲ ਵਾਸਤੇ ਵਿਸ਼ੇਸ਼ ਪ੍ਰਸਤਾਵ ਤਿਆਰ ਕਰਨ ਦੇ ਨਿਰਦੇਸ਼ ਦਿੱਤੇ। ਇਸ ਪ੍ਰਸਤਾਵ ਨੂੰ ਜਲਦ ਅਤੇ ਠੋਸ ਹੱਲ ਲਈ ਬਾਅਦ ਵਿੱਚ ਕੈਬਨਿਟ ਸਬ-ਕਮੇਟੀ ਨੂੰ ਭੇਜਿਆ ਜਾਵੇਗਾ। ਵਿੱਤ ਮੰਤਰੀ ਨੇ ਯੂਨੀਅਨ ਦੇ ਨੁਮਾਇੰਦਿਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ।
ਮੀਟਿੰਗ ਵਿੱਚ ਮੌਜੂਦ ਅਧਿਕਾਰੀਆਂ ਵਿੱਚ ਮਿਲਕਫੈੱਡ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ, ਮਿਲਕਫੈੱਡ ਦੇ ਮੈਨੇਜਿੰਗ ਡਾਇਰੈਕਟਰ ਰਾਹੁਲ ਗੁਪਤਾ ਅਤੇ ਵਧੀਕ ਐਡਵੋਕੇਟ ਜਨਰਲ ਟੀ.ਪੀ.ਐਸ ਵਾਲੀਆ ਸ਼ਾਮਲ ਸਨ। ਯੂਨੀਅਨ ਦੀ ਨੁਮਾਇੰਦਗੀ ਕਰਦਿਆਂ ਪਵਨਦੀਪ ਸਿੰਘ ਅਤੇ ਜਸਬੀਰ ਸਿੰਘ ਨੇ ਵਿੱਤ ਮੰਤਰੀ ਅੱਗੇ ਯੂਨੀਅਨ ਦਾ ਪੱਖ ਰੱਖਿਆ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ