ਜਲੰਧਰ , 9 ਅਕਤੂਬਰ (ਹਿੰ.ਸ.)|
ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਹੇਠ ਸਥਾਨਕ ਸਰਕਾਰੀ ਆਰਟਸ ਅਤੇ ਸਪੋਰਟਸ ਕਾਲਜ ਵਿਖੇ ਚੱਲ ਰਹੀ ਇੰਡੀਅਨ ਆਰਮੀ (ਅਗਨੀਵੀਰ) ਭਰਤੀ ਰੈਲੀ ਦਾ ਅੱਜ ਭਾਰਤੀ ਫੌਜ ਤੋਂ ਲੈਫਟੀਨੈਂਟ ਜਨਰਲ ਅਜੈ ਚਾਂਦਪੁਰੀਆ ਨੇ ਵਿਸ਼ੇਸ਼ ਤੌਰ ‘ਤੇ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਦੇ ਨਾਲ ਕਰਨਲ ਵਿਪਲੋਵ, ਆਰਮੀ ਰਿਕਰੂਟਿੰਗ ਅਫ਼ਸਰ, ਜਲੰਧਰ ਕੈਂਟ ਵੀ ਮੌਜੂਦ ਸਨ।ਲੈਫਟੀਨੈਂਟ ਜਨਰਲ ਨੇ ਆਪਣੇ ਦੌਰੇ ਦੌਰਾਨ ਰਨਿੰਗ ਟਰੈਕ, ਮੈਡੀਕਲ ਸਹੂਲਤ, ਪੀਣ ਵਾਲੇ ਪਾਣੀ ਦੇ ਇੰਤਜ਼ਾਮ, ਟੈਂਟ, ਬਿਜਲੀ ਆਦਿ ਤੋਂ ਇਲਾਵਾ ਉਮੀਦਵਾਰਾਂ ਦੇ ਖਾਣੇ ਸਮੇਤ ਰੈਲੀ ਦੇ ਹੋਰ ਪ੍ਰਬੰਧ ਦੇਖੇ। ਉਨ੍ਹਾਂ ਰੈਲੀ ਵਿੱਚ ਭਾਗ ਲੈਣ ਪੁੱਜੇ ਉਮੀਦਵਾਰਾਂ ਦਾ ਹੌਸਲਾ ਵਧਾਉਣ ਲਈ ਹੱਲਾਸ਼ੇਰੀ ਵੀ ਦਿੱਤੀ।
ਡਿਪਟੀ ਡਾਇਰੈਕਟਰ, ਜ਼ਿਲ੍ਹਾ ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਤੇ ਸਿਖ਼ਲਾਈ ਬਿਊਰੋ ਨੀਲਮ ਮਹੇ ਨੇ ਦੱਸਿਆ ਕਿ ਅੱਜ ਭਰਤੀ ਰੈਲੀ ਦੇ ਦੂਜੇ ਦਿਨ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਤਕਰੀਬਨ 1100 ਉਮੀਦਵਾਰਾਂ ਨੇ ਭਾਗ ਲਿਆ, ਜਿਸ ਵਿੱਚੋਂ 630 ਉਮੀਦਵਾਰਾਂ ਨੇ ਸ਼ੁਰੂਆਤੀ 1600 ਮੀਟਰ ਦੌੜ 7 ਮਿੰਟ ਵਿੱਚ ਪੂਰੀ ਕੀਤੀ।ਉਨ੍ਹਾਂ ਦੱਸਿਆ ਕਿ ਦੌੜ ਵਿੱਚ ਯੋਗ ਪਾਏ ਗਏ ਉਮੀਦਵਾਰਾਂ ਨੂੰ ਅੱਗੋਂ ਲੋੜੀਂਦੇ ਸਰੀਰਕ ਮਾਪਦੰਡ ਜਿਵੇਂ ਹਾਈ ਜੰਪ, ਲੌਂਗ ਜੰਪ ਅਤੇ ਪੁਲ-ਅਪਸ ਆਦਿ ਵਿੱਚ ਸਫ਼ਲ ਹੋਣਾ ਲਾਜ਼ਮੀ ਹੋਵੇਗਾ। ਜ਼ਿਕਰਯੋਗ ਹੈ ਕਿ ਰੈਲੀ ਵਿੱਚ ਭਾਗ ਲੈਣ ਵਾਲੇ ਸਮੂਹ ਉਮੀਦਵਾਰਾਂ ਵੱਲੋਂ ਲਿਖਤੀ ਪ੍ਰੀਖਿਆ ਮਈ 2025 ਵਿੱਚ ਪਾਸ ਕਰ ਲਈ ਗਈ ਹੈ।
---------------
ਹਿੰਦੂਸਥਾਨ ਸਮਾਚਾਰ / ਅਸ਼ਵਨੀ ਠਾਕੁਰ