ਲੁਧਿਆਣਾ, 9 ਅਕਤੂਬਰ (ਹਿੰ. ਸ.)। ਲੁਧਿਆਣਾ ਸੈਂਟਰਲ ਹਲਕੇ ਵਿੱਚ ਬਿਜਲੀ ਸਪਲਾਈ ਪ੍ਰਣਾਲੀ ਨੂੰ ਆਧੁਨਿਕ, ਮਜ਼ਬੂਤ ਅਤੇ ਭਰੋਸੇਯੋਗ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਹਲਕਾ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਜੀ ਵੱਲੋਂ ਕਈ ਬਿਜਲੀ ਪ੍ਰੋਜੈਕਟਾਂ ਦਾ ਸ਼ਾਨਦਾਰ ਉਦਘਾਟਨ ਕੀਤਾ ਗਿਆ। ਇਹ ਪ੍ਰੋਜੈਕਟ ਹਲਕੇ ਦੇ ਵਿਕਾਸ ਯਤਨਾਂ ਵਿੱਚ ਇੱਕ ਹੋਰ ਮਜਬੂਤ ਪੜਾਅ ਹਨ, ਜੋ ਸਿੱਧੇ ਤੌਰ 'ਤੇ ਹਜ਼ਾਰਾਂ ਨਿਵਾਸੀਆਂ ਦੀ ਰੋਜ਼ਾਨਾ ਜ਼ਿੰਦਗੀ ਨੂੰ ਸੁਧਾਰਨਗੇ ਅਤੇ ਇਲਾਕੇ ਦੇ ਆਰਥਿਕ ਤੇ ਸਮਾਜਿਕ ਵਿਕਾਸ ਨੂੰ ਗਤੀ ਦੇਣਗੇ।ਇਨ੍ਹਾਂ ਪ੍ਰੋਜੈਕਟਾਂ ਵਿੱਚ 13.37 ਲੱਖ ਰੁਪਏ ਦੀ ਲਾਗਤ ਨਾਲ ਵਾਰਡ ਨੰਬਰ 75 ਅਤੇ 78 ਦੇ ਚਿਲਡਰਨ ਪਾਰਕ (ਸਿਵਲ ਹਸਪਤਾਲ ਦੀ ਬੈਕਸਾਈਡ) ਵਿੱਚ ਨਵੇਂ 11 ਕੇ.ਵੀ. ਫੀਡਰ ਦੀ ਸਥਾਪਨਾ, 4.50 ਕਰੋੜ ਰੁਪਏ ਦੀ ਲਾਗਤ ਨਾਲ ਵਾਰਡ ਨੰਬਰ 30 ਵਿੱਚ ਡਾ. ਅੰਬੇਡਕਰ ਕਾਲੋਨੀ (ਘੋੜਾ ਕਾਲੋਨੀ) ਵਿਖੇ ਬਣੇ 66 ਕੇ.ਵੀ. ਸਬ-ਸਟੇਸ਼ਨ ਦਾ ਉਦਘਾਟਨ ਅਤੇ 20 ਲੱਖ ਰੁਪਏ ਦੀ ਲਾਗਤ ਨਾਲ ਵਾਰਡ ਨੰਬਰ 82 ਅਤੇ 83 ਵਿੱਚ ਆਉਂਦੇ ਵੇਟ ਗੰਜ ਇਲਾਕੇ ਵਿੱਚ ਅਪਗ੍ਰੇਡ ਕੀਤੇ ਟਰਾਂਸਫਾਰਮਰ ਦੀ ਸ਼ੁਰੂਆਤ ਸ਼ਾਮਲ ਹੈ।ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਇਸ ਮੌਕੇ ‘ਤੇ ਕਿਹਾ ਕਿ “ਲੁਧਿਆਣਾ ਸੈਂਟਰਲ ਹਲਕੇ ਦੇ ਵਿਕਾਸ ਲਈ ਸਾਡਾ ਵਚਨ ਸਿਰਫ ਕਾਗਜ਼ਾਂ ਤੱਕ ਸੀਮਿਤ ਨਹੀਂ, ਸਗੋਂ ਜ਼ਮੀਨੀ ਪੱਧਰ ‘ਤੇ ਇਸ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ। ਇਹ ਪ੍ਰੋਜੈਕਟ ਬਿਜਲੀ ਸਪਲਾਈ ਦੇ ਮਿਆਰ ਨੂੰ ਉੱਚਾ ਚੁੱਕਣਗੇ, ਬਿਜਲੀ ਕੱਟਾਂ ਵਿੱਚ ਕਮੀ ਲਿਆਉਣਗੇ ਅਤੇ ਉਦਯੋਗਿਕ ਤੇ ਰਿਹਾਇਸ਼ੀ ਖੇਤਰਾਂ ਵਿੱਚ ਸਥਿਰ ਸਪਲਾਈ ਯਕੀਨੀ ਬਣਾਉਣਗੇ।” ਉਨ੍ਹਾਂ ਨੇ ਕਿਹਾ ਕਿ ਬਿਜਲੀ ਸਹੂਲਤਾਂ ਦਾ ਸੁਧਾਰ ਸਿਰਫ ਸਹੂਲਤਾਂ ਦਾ ਵਾਧਾ ਨਹੀਂ, ਸਗੋਂ ਆਰਥਿਕ ਤਰੱਕੀ ਦਾ ਬੁਨਿਆਦੀ ਹਿੱਸਾ ਹੈ।ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਇਸ ਮੌਕੇ ਤੇ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਹਰ ਘਰ, ਹਰ ਵਾਰਡ ਅਤੇ ਹਰ ਇਲਾਕੇ ਤੱਕ ਆਧੁਨਿਕ ਬੁਨਿਆਦੀ ਢਾਂਚਾ ਪਹੁੰਚਾਉਣਾ ਹੈ। ਲੁਧਿਆਣਾ ਹਲਕਾ ਸੈਂਟਰਲ ਵਿੱਚ ਹੋਰ ਵਿਕਾਸ ਪ੍ਰੋਜੈਕਟ ਜਲਦ ਸ਼ੁਰੂ ਕੀਤੇ ਜਾਣਗੇ, ਜਿਨ੍ਹਾਂ ਰਾਹੀਂ ਲੋਕਾਂ ਨੂੰ ਆਧੁਨਿਕ ਸਹੂਲਤਾਂ ਦਾ ਪੂਰਾ ਲਾਭ ਮਿਲੇਗਾ ਅਤੇ ਇਲਾਕੇ ਦਾ ਸਮੁੱਚਾ ਵਿਕਾਸ ਤੇਜ਼ੀ ਨਾਲ ਅੱਗੇ ਵਧੇਗਾ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ