ਫਾਜ਼ਿਲਕਾ 9 ਅਕਤੂਬਰ (ਹਿੰ. ਸ.)। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਹੇਠ ਅਤੇ ਚੇਅਰਮੈਨ ਪੰਜਾਬ ਮੰਡੀ ਬੋਰਡ ਹਰਚੰਦ ਸਿੰਘ ਬਰਸਟ ਦੀ ਅਗਵਾਈ ਹੇਠ ਜਲਾਲਾਬਾਦ ਹਲਕੇ ਵਿੱਚ ਸੜਕਾਂ ਦੀ ਰਿਪੇਅਰ/ਨਵੀਨੀਕਰਨ ਲਈ 31 ਕਰੋੜ 20 ਲੱਖ ਰੁਪਏ ਦਿੱਤੇ ਗਏ ਹਨ। ਇਹ ਪ੍ਰਗਟਾਵਾ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ 74.45 ਲੱਖ ਦੀ ਲਾਗਤ ਨਾਲ 4.65 ਕਿਲੋਮੀਟਰ ਲੰਬੀ ਚੱਕ ਪੱਖੀ ਤੋਂ ਮੀਨੇਆਲੀ ਸੜਕ ਦੇ ਨਵੀਨੀਕਰਨ ਦਾ ਨੀਂਹ ਪੱਥਰ ਰੱਖਣ ਮੌਕੇ ਕੀਤਾ।
ਇਸ ਮੌਕੇ ਬੋਲਦਿਆਂ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਉਹ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਧੰਨਵਾਦੀ ਹਨ ਜਿਨ੍ਹਾਂ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਸਰਵਪੱਖੀ ਵਿਕਾਸ ਕਰਨ ਵਿੱਚ ਲੱਗੀ ਹੋਈ ਹੈ ਤੇ ਪਿੰਡਾਂ ਦੀਆਂ ਸੜਕਾਂ ਤੋਂ ਇਲਾਵਾ ਗਲੀਆਂ, ਨਾਲੀਆਂ ਤੇ ਛੱਪੜਾਂ ਨੂੰ ਵੀ ਪੱਕਾ ਕੀਤਾ ਜਾ ਰਿਹਾ ਹੈ ਤੇ ਪਿੰਡਾਂ ਨੂੰ ਵੀ ਸ਼ਹਿਰੀ ਦਿੱਖ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਹਲਕੇ ਦਾ ਕੋਈ ਵੀ ਪਿੰਡ ਵਿਕਾਸ ਪੱਖੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੋਲ ਫੰਡਾਂ ਦੀ ਕੋਈ ਘਾਟ ਨਹੀਂ ਹੈ ਤੇ ਜਲਾਲਬਾਦ ਹਲਕੇ ਵਿੱਚ ਅੱਜ ਉਹ ਅਲੱਗ-ਅਲੱਗ ਪਿੰਡਾਂ ਵਿੱਚ 5 ਕਰੋੜ 13 ਲੱਖ 85 ਹਜ਼ਾਰ ਦੀ ਲਾਗਤ ਨਾਲ ਸੜਕਾਂ ਦੇ ਨਵੀਨੀਕਰਨ/ਰਿਪੇਅਰ ਦੇ ਨੀਂਹ ਪੱਥਰ ਰੱਖਣਗੇ। ਉਨ੍ਹਾਂ ਪਿੰਡ ਵਾਸੀਆਂ ਨੂੰ ਕਿਹਾ ਕਿ ਜੇਕਰ ਕੋਈ ਹੋਰ ਵੀ ਵਿਕਾਸ ਕਾਰਜ ਬਾਕੀ ਰਹਿੰਦਾ ਹੈ ਤਾਂ ਉਹ ਉਨ੍ਹਾਂ ਦੇ ਧਿਆਨ ਵਿੱਚ ਲਿਆਉਣ ਤਾਂ ਜੋ ਉਸ ਨੂੰ ਪੂਰਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਦਾ ਜੇਕਰ ਪਿੰਡ ਦੇ ਵਿਕਾਸ ਨੂੰ ਲੈ ਕੇ ਕੋਈ ਵੀ ਸੁਝਾਅ ਹੋਵੇ ਤਾਂ ਵੀ ਉਹ ਨੂੰ ਜ਼ਰੂਰ ਦੱਸਣ ਤਾਂ ਜੋ ਸਾਡੇ ਪਿੰਡਾਂ ਦਾ ਹੋਰ ਸਰਵਪੱਖੀ ਵਿਕਾਸ ਹੋ ਸਕੇ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ