ਕੀਰਤਪੁਰ ਸਾਹਿਬ, 9 ਅਕਤੂਬਰ (ਹਿੰ. ਸ.)। ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਹੈ ਕਿ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਭਾਵਿਤ ਪਿੰਡਾਂ ਵਿਚ ਮੈਡੀਕਲ ਟੀਮਾਂ ਨੇ ਪੂਰੀ ਤਰਾਂ ਚੋਂਕਸੀ ਨਾਲ ਕੰਮ ਕੀਤਾ ਹੈ। ਸਿਵਲ ਸਰਜਨ ਰੂਪਨਗਰ ਡਾਕਟਰ ਸੁਖਵਿੰਦਰਜੀਤ ਸਿੰਘ ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਬਲਾਕ ਕੀਰਤਪੁਰ ਸਾਹਿਬ ਵਿੱਚ ਆਸ਼ਾ ਵਰਕਰਾਂ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ 14 ਸਤੰਬਰ ਤੋਂ ਕੀਤਾ ਜਾ ਰਿਹਾ ਫ਼ੀਵਰ ਸਰਵੇ ਦਾ ਕੰਮ ਮੁਕੰਮਲ ਹੋ ਗਿਆ ਹੈ। ਪੀ.ਐੱਚ.ਸੀ ਕੀਰਤਪੁਰ ਸਾਹਿਬ ਦੇ ਸੀਨੀਅਰ ਮੈਡੀਕਲ ਅਫ਼ਸਰ ਇੰ: ਡਾਕਟਰ ਜੰਗਜੀਤ ਸਿੰਘ ਨੇ ਦੱਸਿਆ ਕਿ ਬਲਾਕ ਕੀਰਤਪੁਰ ਸਾਹਿਬ ਦੇ 49 ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਜਿੱਥੇ ਪਿਛਲੇ ਇੱਕ ਮਹੀਨੇ ਦੌਰਾਨ ਮੈਡੀਕਲ ਕੈਂਪ ਲਾ ਕੇ ਸਿਹਤ ਸਹੂਲਤਾਂ ਉਪਲੱਬਧ ਕਰਵਾਈਆਂ ਗਈਆਂ ਉੱਥੇ ਹੀ ਆਸ਼ਾ ਵਰਕਰਾਂ ਵੱਲੋਂ ਘਰ-ਘਰ ਜਾ ਕੇ ਫ਼ੀਵਰ ਸਰਵੇ ਵੀ ਕੀਤਾ ਗਿਆ ਤਾਂ ਜੋ ਡੇਂਗੂ ਅਤੇ ਮਲੇਰੀਆ ਦੇ ਮਾਮਲਿਆਂ ਦਾ ਸਮੇਂ ਸਿਰ ਪਤਾ ਲਾ ਕੇ ਪੀੜ੍ਹਤ ਮਰੀਜ਼ਾਂ ਦਾ ਤੁਰੰਤ ਇਲਾਜ ਕਰਵਾਇਆ ਜਾ ਸਕੇ ਅਤੇ ਵੈਕਟਰ ਬੋਰਨ ਬਿਮਾਰੀਆਂ ਨੂੰ ਫ਼ੈਲਣ ਤੋਂ ਰੋਕਿਆ ਜਾ ਸਕੇ।
ਡਾ. ਜੰਗਜੀਤ ਸਿੰਘ ਨੇ ਦੱਸਿਆ ਕਿ ਸਰਵੇ ਦੌਰਾਨ ਆਸ਼ਾ ਵਰਕਰਾਂ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਡੇਂਗੂ ਦਾ ਲਾਰਵਾ ਮਿਲਣ ਦੇ ਖਦਸ਼ੇ ਦੇ ਮੱਦੇਨਜ਼ਰ 10,110 ਘਰਾਂ ਦਾ ਜਾਇਜ਼ਾ ਲਿਆ ਗਿਆ ਅਤੇ ਲੋਕਾਂ ਨੂੰ ਵੈਕਟਰ ਬੋਰਨ ਬਿਮਾਰੀਆਂ ਤੋਂ ਬਚਾਅ ਲਈ ਪੂਰੇ ਕੱਪੜੇ ਪਾਉਣ, ਮੱਛਰਦਾਨੀ ਦਾ ਇਸਤੇਮਾਲ ਕਰਨ, ਅਤੇ ਪਾਣੀ ਉਬਾਲ ਕੇ ਪੀਣ ਦੀ ਸਲਾਹ ਵੀ ਦਿੱਤੀ ਗਈ। ਉਹਨਾਂ ਦੱਸਿਆ ਕਿ ਇਸ ਦੌਰਾਨ 3606 ਮਰੀਜ਼ਾਂ ਦੀ ਫੀਵਰ ਸਕ੍ਰੀਨਿੰਗ ਕੀਤੀ ਗਈ ਅਤੇ ਮਲੇਰੀਆ ਤੇ ਡੇਂਗੂ ਦਾ ਇੱਕ ਵੀ ਮਾਮਲਾ ਸਾਹਮਣੇ ਨਹੀਂ ਆਇਆ। ਸੀਨੀਅਰ ਮੈਡੀਕਲ ਅਫ਼ਸਰ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਚਲਾਈ ਜਾ ਰਹੀ ਕਾਲੇ ਤੇਲ ਅਤੇ ਲਾਰਵੇਸਾਈਡ ਦਵਾਈ ਦੇ ਛਿੜਕਾਅ ਅਤੇ ਫੌਗਿੰਗ ਦੀ ਮੁਹਿੰਮ ਕਾਰਨ ਹੀ ਇਹ ਸੰਭਵ ਹੋਇਆ ਹੈ।ਜ਼ਿਲ੍ਹਾ ਮਹਾਂਮਾਰੀ ਵਿਗਿਆਨ ਅਧਿਕਾਰੀ ਡਾਕਟਰ ਹਰਲੀਨ ਕੌਰ ਅਤੇ ਡਾਕਟਰ ਸੂਰਿਆ ਸ਼ਰਮਾ ਨੇ ਦੱਸਿਆ ਕਿ ਰੂਪਨਗਰ ਦੇ 93 ਹੜ੍ਹ ਪ੍ਰਭਾਵਿਤ ਪਿੰਡਾਂ ਦੇ 28023 ਘਰਾਂ ਵਿੱਚ ਜਾ ਕੇ ਫੀਵਰ ਸਰਵੇ ਕੀਤਾ ਗਿਆ ਅਤੇ ਇਸ ਦੌਰਾਨ ਹੜ੍ਹ ਪੀੜਤਾਂ ਨੂੰ 19939 ਹੈਲਥ ਕਿੱਟਾਂ ਵੀ ਮੁੱਹਈਆ ਕਰਵਾਈਆਂ ਗਈਆਂ। ਉਹਨਾਂ ਦੱਸਿਆ ਕਿ ਜ਼ਿਲ੍ਹੇ ਵਿੱਚ 9982 ਮਰੀਜ਼ਾਂ ਦੀ ਮਲੇਰੀਆ ਸਕ੍ਰੀਨਿੰਗ ਕੀਤੀ ਗਈ ਅਤੇ ਸਿਹਤ ਵਿਭਾਗ ਵੱਲੋਂ ਵਰਤੀ ਜਾ ਰਹੀ ਚੌਕਸੀ ਕਾਰਨ ਮਲੇਰੀਆ ਦਾ ਇੱਕ ਵੀ ਮਾਮਲਾ ਸਾਹਮਣੇ ਨਹੀਂ ਆਇਆ।ਸੀਨੀਅਰ ਮਲੇਰੀਆ ਅਫ਼ਸਰ ਸਿਕੰਦਰ ਸਿੰਘ ਅਤੇ ਹੈਲਥ ਇੰਸਪੈਕਟਰ ਸੁਖਦੀਪ ਸਿੰਘ ਨੇ ਦੱਸਿਆ ਕਿ ਹਰ ਸ਼ੁੱਕਰਵਾਰ ਡੇਂਗੂ 'ਤੇ ਵਾਰ ਮੁਹਿੰਮ ਤਹਿਤ ਲਾਰਵੇਸਾਈਡ ਦਵਾਈ ਅਤੇ ਕਾਲੇ ਤੇਲ ਦੇ ਛਿੜਕਾਅ ਦਾ ਕਾਰਜ ਅੱਗੇ ਵੀ ਜਾਰੀ ਰਹੇਗਾ।। ਬਲਾਕ ਐਜੂਕੇਟਰ ਰਤਿਕਾ ਓਬਰਾਏ ਨੇ ਐਤਵਾਰ ਵਾਲੇ ਦਿਨ ਵੀ ਸਰਵੇ ਦਾ ਕੰਮ ਜਾਰੀ ਰੱਖਣ ਲਈ ਸਾਰੇ ਆਸ਼ਾ ਵਰਕਰ ਅਤੇ ਉਹਨਾਂ ਦੇ ਸੁਪਰਵਾਈਜ਼ਰ ਰੀਨਾ, ਮਮਤਾ, ਨੀਲਮ, ਨਿਰਮਲ, ਰਾਮ ਪਿਆਰੀ, ਤ੍ਰਿਪਤਾ, ਅਨੀਤਾ ਅਤੇ ਸਰੋਜ ਦੀ ਸ਼ਲਾਘਾ ਕੀਤੀ ਹੈ।ਸੀ.ਓ ਭਰਤ ਕਪੂਰ ਨੇ ਦੱਸਿਆ ਕਿ ਸਰਵੇ ਦੌਰਾਨ ਆਸ਼ਾ ਵਰਕਰਾਂ ਵੱਲੋਂ ਲੋਕਾਂ ਨੂੰ ਓ.ਆਰ.ਐੱਸ ਦੇ ਪੈਕਟ, ਡਿਟੋਲ ਸਾਬਣ, ਪੈਰਾਸਿਟਾਮੋਲ ਦੀਆਂ ਗੋਲੀਆਂ ਅਤੇ ਆਡੋਮਾਸ ਆਦਿ ਵੀ ਵੰਡਿਆ ਗਿਆ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ