ਟਰੰਪ ਨੇ ਕਿਹਾ-ਇਜ਼ਰਾਈਲ ਅਤੇ ਹਮਾਸ ਨੇ ਮੰਨੀ ਗੱਲ, ਗਾਜ਼ਾ ’ਚ ਸ਼ਾਂਤੀ ਲਈ ਤਿਆਰ, ਦੋਵਾਂ ਨੇ ਪ੍ਰਸਤਾਵ 'ਤੇ ਦਸਤਖਤ ਕੀਤੇ
ਵਾਸ਼ਿੰਗਟਨ, 9 ਅਕਤੂਬਰ (ਹਿੰ.ਸ.)। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਕੁੱਝ ਦੇਰ ਪਹਿਲਾਂ ਐਲਾਨ ਕੀਤਾ ਕਿ ਇਜ਼ਰਾਈਲ ਅਤੇ ਹਮਾਸ ਉਨ੍ਹਾਂ ਦੀ ਗਾਜ਼ਾ ਸ਼ਾਂਤੀ ਯੋਜਨਾ ਨੂੰ ਮੰਨਣ ਲਈ ਤਿਆਰ ਹੋ ਗਏ ਹਨ। ਦੋਵੇਂ ਧਿਰਾਂ ਉਨ੍ਹਾਂ ਦੀ 20-ਨੁਕਾਤੀ ਇਸ ਯੋਜਨਾ ''ਤੇ ਸਹਿਮਤ ਹੋ ਗਈਆਂ ਹਨ। ਦੋਵਾਂ ਨੇ ਜੰਗਬੰਦੀ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ। ਫੋਟੋ: ਇੰਟਰਨੈੱਟ ਮੀਡੀਆ


ਵਾਸ਼ਿੰਗਟਨ, 9 ਅਕਤੂਬਰ (ਹਿੰ.ਸ.)। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਕੁੱਝ ਦੇਰ ਪਹਿਲਾਂ ਐਲਾਨ ਕੀਤਾ ਕਿ ਇਜ਼ਰਾਈਲ ਅਤੇ ਹਮਾਸ ਉਨ੍ਹਾਂ ਦੀ ਗਾਜ਼ਾ ਸ਼ਾਂਤੀ ਯੋਜਨਾ ਨੂੰ ਮੰਨਣ ਲਈ ਤਿਆਰ ਹੋ ਗਏ ਹਨ। ਦੋਵੇਂ ਧਿਰਾਂ ਉਨ੍ਹਾਂ ਦੀ 20-ਨੁਕਾਤੀ ਇਸ ਯੋਜਨਾ 'ਤੇ ਸਹਿਮਤ ਹੋ ਗਈਆਂ ਹਨ। ਦੋਵਾਂ ਨੇ ਜੰਗਬੰਦੀ ਦੇ ਪਹਿਲੇ ਪੜਾਅ ਦੇ ਪ੍ਰਸਤਾਵ 'ਤੇ ਦਸਤਖਤ ਕੀਤੇ ਹਨ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਬੰਧਕਾਂ ਦੀ ਰਿਹਾਈ ਸੋਮਵਾਰ ਤੋਂ ਸ਼ੁਰੂ ਹੋਵੇਗੀ। ਜ਼ਿਕਰਯੋਗ ਹੈ ਕਿ ਗਾਜ਼ਾ ਯੁੱਧ ਨੂੰ ਖਤਮ ਕਰਨ ਲਈ ਇਜ਼ਰਾਈਲ ਅਤੇ ਹਮਾਸ ਵਿਚਕਾਰ ਸ਼ਰਮ ਅਲ-ਸ਼ੇਖ, ਮਿਸਰ ਵਿੱਚ ਅਸਿੱਧੀ ਗੱਲਬਾਤ ਚੱਲ ਰਹੀ ਹੈ। ਹਮਾਸ ਨੇ ਬੰਧਕਾਂ ਅਤੇ ਫਲਸਤੀਨੀ ਕੈਦੀਆਂ ਦੀ ਅਦਲਾ-ਬਦਲੀ ਲਈ ਸੂਚੀ ਸੌਂਪ ਦਿੱਤੀ ਹੈ।

ਸੀਐਨਐਨ ਨਿਊਜ਼ ਚੈਨਲ ਦੇ ਅਨੁਸਾਰ, ਟਰੰਪ ਨੇ ਇਹ ਐਲਾਨ ਕਰਨ ਤੋਂ ਪਹਿਲਾਂ ਸਟੇਟ ਡਾਇਨਿੰਗ ਰੂਮ ਛੱਡਣ ਤੋਂ ਬਾਅਦ ਓਵਲ ਦਫਤਰ ਵਿੱਚ ਫੋਨ 'ਤੇ ਗੱਲ ਕੀਤੀ। ਲਗਭਗ ਇੱਕ ਘੰਟਾ ਪਹਿਲਾਂ, ਉਨ੍ਹਾਂ ਨੇ ਸਟੀਵ ਵਿਟਕੌਫ ਅਤੇ ਆਪਣੇ ਜਵਾਈ, ਜੈਰੇਡ ਕੁਸ਼ਨਰ ਨਾਲ ਗੱਲ ਕੀਤੀ। ਥੋੜ੍ਹੀ ਦੇਰ ਬਾਅਦ ਇਜ਼ਰਾਈਲ ਅਤੇ ਹਮਾਸ ਵਿਚਕਾਰ ਚੱਲ ਰਹੀ ਗੱਲਬਾਤ ਦੇ ਵੇਰਵੇ ਆਪਣੇ ਟਰੂਥ ਸੋਸ਼ਲ 'ਤੇ ਸਾਂਝੇ ਕੀਤੇ।ਵ੍ਹਾਈਟ ਹਾਊਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਅਮਰੀਕਾ ਨੂੰ ਉਮੀਦ ਹੈ ਕਿ ਬੰਧਕਾਂ ਦੀ ਰਿਹਾਈ ਸੋਮਵਾਰ ਤੋਂ ਸ਼ੁਰੂ ਹੋਵੇਗੀ। ਇਸ ਅਧਿਕਾਰੀ ਨੇ ਅੱਗੇ ਕਿਹਾ ਕਿ ਹੁਣ ਵੀਰਵਾਰ ਨੂੰ ਇਜ਼ਰਾਈਲੀ ਕੈਬਨਿਟ ਦੇ ਸਾਹਮਣੇ ਇਸ ਸਮਝੌਤੇ ਨੂੰ ਪੇਸ਼ ਕੀਤਾ ਜਾਵੇਗਾ। ਇਸ ਤੋਂ ਬਾਅਦ ਜੰਗਬੰਦੀ ਯੋਜਨਾ ’ਤੇ ਅਮਲ ਸ਼ੁਰੂ ਹੋ ਜਾਵੇਗਾ।ਇਸ ਦੌਰਾਨ, ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਟਰੰਪ ਦੇ ਯਤਨਾਂ ਲਈ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਇਜ਼ਰਾਈਲੀ ਸੰਸਦ, ਨੇਸੈੱਟ ਨੂੰ ਸੰਬੋਧਨ ਕਰਨ ਲਈ ਸੱਦਾ ਦਿੱਤਾ। ਪ੍ਰਧਾਨ ਮੰਤਰੀ ਦਫ਼ਤਰ ਦੇ ਅਨੁਸਾਰ, ਟਰੰਪ ਨੇ ਨੇਤਨਯਾਹੂ ਨੂੰ ਉਨ੍ਹਾਂ ਦੀ ਅਗਵਾਈ ਅਤੇ ਕਾਰਜਾਂ ਲਈ ਵਧਾਈ ਦਿੱਤੀ। ਇਸ ਦੌਰਾਨ, ਜੰਗਬੰਦੀ ਦੀ ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਗਈ ਹੈ। ਬੰਧਕਾਂ ਦੇ ਪਰਿਵਾਰਾਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।

ਬੰਧਕ ਗਲੀ ਅਤੇ ਜ਼ਿਵ ਬਰਮਨ ਦੇ ਭਰਾ ਲਿਰਨ ਬਰਮਨ ਨੇ ਸਮਝੌਤੇ ਦੀ ਘੋਸ਼ਣਾ ਤੋਂ ਥੋੜ੍ਹੀ ਦੇਰ ਬਾਅਦ ਐਕਸ 'ਤੇ ਕਿਹਾ ਕਿ ਉਹ ਸੱਚਮੁੱਚ ਖੁਸ਼ ਹੈ ਅਤੇ ਜਲਦੀ ਤੋਂ ਜਲਦੀ ਆਪਣੇ ਅਜ਼ੀਜ਼ਾਂ ਨੂੰ ਮਿਲਣਾ ਚਾਹੁੰਦਾ ਹੈ। ਇਜ਼ਰਾਈਲੀ ਰੱਖਿਆ ਬਲਾਂ ਦੇ ਸਿਪਾਹੀ ਇਟੇ ਚੇਨ (ਜਿਨ੍ਹਾਂ ਦੀ ਲਾਸ਼ ਹਮਾਸ ਕੋਲ ਹੈ) ਦੇ ਪਿਤਾ ਰੂਬੀ ਚੇਨ ਨੇ ਇੱਕ ਪੋਸਟ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਅਮਰੀਕੀ ਗੱਲਬਾਤ ਟੀਮ ਦੇ ਹੋਰ ਮੈਂਬਰਾਂ ਦਾ ਧੰਨਵਾਦ ਕੀਤਾ ਹੈ।

ਇਜ਼ਰਾਈਲੀ ਸਰਕਾਰ ਦੇ ਬੁਲਾਰੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਵੀਰਵਾਰ ਨੂੰ ਕੈਬਨਿਟ ਮੀਟਿੰਗ ਵਿੱਚ ਸਾਰੇ ਵੇਰਵੇ ਪੇਸ਼ ਕਰਨਗੇ। ਪ੍ਰਧਾਨ ਮੰਤਰੀ ਨੇ ਇਸਨੂੰ ਇਜ਼ਰਾਈਲ ਲਈ ਇੱਕ ਮਹਾਨ ਦਿਨ ਦੱਸਿਆ ਹੈ। ਜ਼ਿਕਰਯੋਗ ਹੈ ਕਿ ਇਜ਼ਰਾਈਲੀ ਕਾਨੂੰਨ ਦੇ ਅਨੁਸਾਰ, ਬੰਧਕ ਸਮਝੌਤੇ ਦੇ ਤਹਿਤ ਫਲਸਤੀਨੀ ਕੈਦੀਆਂ ਨੂੰ ਰਿਹਾਅ ਕਰਨ ਦੇ ਕਿਸੇ ਵੀ ਫੈਸਲੇ ਨੂੰ ਪਹਿਲਾਂ ਕੈਬਨਿਟ ਵੱਲੋਂ ਮਨਜ਼ੂਰੀ ਦੇਣੀ ਜ਼ਰੂਰੀ ਹੈ। ਜੇਕਰ ਕੈਬਨਿਟ ਸਮਝੌਤੇ ਦੇ ਹੱਕ ਵਿੱਚ ਵੋਟ ਪਾਉਂਦੀ ਹੈ, ਤਾਂ ਇਜ਼ਰਾਈਲ ਦੀ ਹਾਈ ਕੋਰਟ ਵਿੱਚ ਰਿਹਾਈ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦਾਇਰ ਕਰਨ ਲਈ ਥੋੜ੍ਹਾ ਸਮਾਂ ਹੁੰਦਾ ਹੈ। ਸਰਕਾਰ ਇਸ ਰੁਕਾਵਟ ਨੂੰ ਦੂਰ ਕਰਨ ਤੋਂ ਬਾਅਦ ਹੀ ਰਿਹਾਈ ਨੂੰ ਅੱਗੇ ਵਧਾ ਸਕਦੀ ਹੈ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande