
ਅਹਿਮਦਾਬਾਦ, 10 ਨਵੰਬਰ (ਹਿੰ.ਸ.)। ਗੁਜਰਾਤ ਦੇ ਗਾਂਧੀਨਗਰ ਅਤੇ ਪਾਲਣਪੁਰ ਤੋਂ ਗ੍ਰਿਫ਼ਤਾਰ ਕੀਤੇ ਗਏ ਤਿੰਨ ਆਈਐਸਆਈਐਸ (ਇਸਲਾਮਿਕ ਸਟੇਟ ਆਫ਼ ਇਰਾਕ ਐਂਡ ਸੀਰੀਆ) ਅੱਤਵਾਦੀਆਂ ਬਾਰੇ ਇੱਕ ਤੋਂ ਬਾਅਦ ਇੱਕ ਹੈਰਾਨ ਕਰਨ ਵਾਲੇ ਖੁਲਾਸੇ ਸਾਹਮਣੇ ਆ ਰਹੇ ਹਨ। ਇਨ੍ਹਾਂ ਗ੍ਰਿਫ਼ਤਾਰ ਅੱਤਵਾਦੀਆਂ ਨੇ ਲਖਨਊ ਵਿੱਚ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਦੇ ਦਫ਼ਤਰ ਅਤੇ ਦਿੱਲੀ ਦੇ ਆਜ਼ਾਦਪੁਰ ਬਾਜ਼ਾਰ ਦੀ ਰੇਕੀ ਕੀਤੀ ਸੀ। ਤਿੰਨਾਂ ਅੱਤਵਾਦੀਆਂ ਨੇ ਸੋਸ਼ਲ ਮੀਡੀਆ ਰਾਹੀਂ ਇੱਕ-ਦੂਜੇ ਨਾਲ ਸੰਪਰਕ ਕੀਤਾ ਅਤੇ ਬਦਲਾ ਲੈਣਾ ਹੈ, ਕੁੱਝ ਕਰਨਾ ਹੈ, ਕਈ ਮੁਸਲਮਾਨਾਂ ਨੂੰ ਇਕੱਠਾ ਕਰਨ ਹੈ, ਜਿਹੀਆਂ ਗੱਲਾਂ ਕਰਦੇ ਸਨ। ਅੱਤਵਾਦੀ ਆਜ਼ਾਦ ਸੁਲੇਮਾਨ ਸ਼ੇਖ ਅਤੇ ਮੁਹੰਮਦ ਸੁਹੇਲ ਨੇ ਪਹਿਲਾਂ ਵੀ ਅਹਿਮਦਾਬਾਦ ਵਿੱਚ ਸੰਵੇਦਨਸ਼ੀਲ ਖੇਤਰਾਂ ਅਤੇ ਭੀੜ-ਭੜੱਕੇ ਵਾਲੀਆਂ ਥਾਵਾਂ ਦੀ ਰੇਕੀ ਕੀਤੀ ਸੀ।
ਗੁਜਰਾਤ ਅੱਤਵਾਦ ਵਿਰੋਧੀ ਦਸਤੇ (ਏਟੀਐਸ) ਨੇ ਕੇਂਦਰੀ ਏਜੰਸੀਆਂ ਨਾਲ ਸਾਂਝੇ ਆਪ੍ਰੇਸ਼ਨ ਵਿੱਚ ਬੀਤ ਦਿਨੀਂ ਅਹਿਮਦਾਬਾਦ ਦੇ ਨੇੜੇ ਤੋਂ ਇਨ੍ਹਾਂ ਤਿੰਨ ਆਈਐਸਆਈਐਸ ਨਾਲ ਜੁੜੇ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ। ਇਹ ਅੱਤਵਾਦੀ ਗੁਜਰਾਤ ਅਤੇ ਦੇਸ਼ ਭਰ ਵਿੱਚ ਵੱਡੇ ਅੱਤਵਾਦੀ ਹਮਲਿਆਂ ਦੀ ਸਾਜ਼ਿਸ਼ ਰਚ ਰਹੇ ਸਨ। ਉਨ੍ਹਾਂ ਦੀ ਪਛਾਣ ਆਜ਼ਾਦ ਸੁਲੇਮਾਨ ਸ਼ੇਖ, ਮੁਹੰਮਦ ਸੁਹੇਲ ਅਤੇ ਅਹਿਮਦ ਮੋਹਿਉਦੀਨ ਸਈਦ ਵਜੋਂ ਹੋਈ ਹੈ।ਸੂਤਰਾਂ ਅਨੁਸਾਰ, ਇਹ ਅੱਤਵਾਦੀ ਲਖਨਊ ਵਿੱਚ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਦਫ਼ਤਰ ਅਤੇ ਦਿੱਲੀ ਦੇ ਭੀੜ-ਭੜੱਕੇ ਵਾਲੇ ਆਜ਼ਾਦਪੁਰ ਬਾਜ਼ਾਰ ਦੀ ਰੇਕੀ ਕਰ ਰਹੇ ਸਨ। ਦੋਵਾਂ ਥਾਵਾਂ ਨੂੰ ਅੱਤਵਾਦੀ ਹਮਲੇ ਲਈ ਸੰਭਾਵੀ ਨਿਸ਼ਾਨੇ ਵਜੋਂ ਚੁਣਿਆ ਗਿਆ ਸੀ। ਜਾਂਚ ਤੋਂ ਪਤਾ ਲੱਗਾ ਹੈ ਕਿ ਸ਼ੇਖ ਅਤੇ ਸੁਹੈਲ ਨੇ ਰਾਜਸਥਾਨ ਦੇ ਹਨੂੰਮਾਨਗੜ੍ਹ ਤੋਂ ਹਥਿਆਰ ਇਕੱਠੇ ਕਰਕੇ ਗਾਂਧੀਨਗਰ ਦੇ ਇੱਕ ਕਬਰਸਤਾਨ ਵਿੱਚ ਲੁਕਾ ਦਿੱਤੇ ਸੀ। ਇਸ ਦੌਰਾਨ, ਹੈਦਰਾਬਾਦ ਦਾ ਰਹਿਣ ਵਾਲਾ ਮੋਹੀਉਦੀਨ ਇਨ੍ਹਾਂ ਹਥਿਆਰਾਂ ਨਾਲ ਵਾਪਸ ਆਉਣ ਵਾਲਾ ਸੀ, ਪਰ ਗੁਜਰਾਤ ਏਟੀਐਸ ਨੇ ਕਾਰਵਾਈ ਕੀਤੀ ਅਤੇ ਉਸਨੂੰ ਗ੍ਰਿਫਤਾਰ ਕਰ ਲਿਆ। ਉਸ ਤੋਂ ਚਾਰ ਵਿਦੇਸ਼ੀ ਪਿਸਤੌਲ, 30 ਕਾਰਤੂਸ ਅਤੇ 40 ਲੀਟਰ ਕੈਸਟਰ ਤੇਲ ਬਰਾਮਦ ਕੀਤਾ ਗਿਆ। ਮੋਹੀਉਦੀਨ ਦੇ ਮੋਬਾਈਲ ਫੋਨ ਦੀ ਜਾਂਚ ਤੋਂ ਉਸਦੇ ਦੋ ਸਾਥੀਆਂ ਦੇ ਸੰਪਰਕ ਅਤੇ ਪੂਰੇ ਮਾਡਿਊਲ ਦੀਆਂ ਗਤੀਵਿਧੀਆਂ ਦਾ ਖੁਲਾਸਾ ਹੋਇਆ। ਇਸ ਤੋਂ ਬਾਅਦ, ਏਟੀਐਸ ਨੇ ਦੋ ਹੋਰ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ।
ਗੁਜਰਾਤ ਏਟੀਐਸ ਦੇ ਡੀਆਈਜੀ ਸੁਨੀਲ ਜੋਸ਼ੀ ਦੇ ਅਨੁਸਾਰ, ਅਹਿਮਦ ਮੋਹੀਉਦੀਨ ਸਈਦ ਇੱਕ ਉੱਚ ਸਿੱਖਿਆ ਪ੍ਰਾਪਤ ਵਿਅਕਤੀ ਹੈ ਜਿਸਨੇ ਚੀਨ ਤੋਂ ਐਮਬੀਬੀਐਸ ਦੀ ਪੜ੍ਹਾਈ ਪੂਰੀ ਕੀਤੀ ਹੈ। ਉਹ ਆਈਐਸਆਈਐਸ-ਖੋਰਾਸਾਨ ਪ੍ਰਾਂਤ ਦੇ ਮੈਂਬਰ ਅਬੂ ਖਾਦਿਮ ਦੇ ਸੰਪਰਕ ਵਿੱਚ ਸੀ, ਜਿਸਨੇ ਉਸਨੂੰ ਭਾਰਤ ਵਿਰੋਧੀ ਗਤੀਵਿਧੀਆਂ ਲਈ ਫੰਡ ਇਕੱਠਾ ਕਰਨ ਅਤੇ ਭਰਤੀ ਮੁਹਿੰਮ ਚਲਾਉਣ ਦਾ ਕੰਮ ਸੌਂਪਿਆ ਸੀ। ਪੁਲਿਸ ਨੂੰ ਇਹ ਵੀ ਪਤਾ ਲੱਗਾ ਕਿ ਮੋਹਿਉਦੀਨ ਸਾਈਨਾਈਡ ਤੋਂ ਇੱਕ ਜ਼ਹਿਰੀਲਾ ਪਦਾਰਥ ਤਿਆਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਏਟੀਐਸ ਇਸ ਸਮੇਂ ਜਾਂਚ ਕਰ ਰਹੀ ਹੈ ਕਿ ਹਥਿਆਰ ਕਿਵੇਂ ਸਪਲਾਈ ਕੀਤੇ ਗਏ ਸਨ ਅਤੇ ਇਸ ਨੈੱਟਵਰਕ ਨਾਲ ਜੁੜੇ ਹੋਰ ਸਲੀਪਰ ਸੈੱਲ ਕਿੱਥੇ ਸਰਗਰਮ ਹਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ