
ਫਤਹਿਗੜ੍ਹ ਸਾਹਿਬ, 14 ਨਵੰਬਰ (ਹਿੰ. ਸ.)। ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਐਸ.ਐਸ.ਪੀ. ਸ਼ੁਭਮ ਅਗਰਵਾਲ ਨੇ ਕਿਹਾ ਹੈ ਕਿ ਜਿਹੜੇ ਸ਼ਰਾਰਤੀ ਅਨਸਰਾਂ ਵੱਲੋਂ ਗੁੰਮਰਾਹਕੁੰਨ ਵੀਡਿਓ ਬਣਾ ਕੇ ਲੋਕਾਂ ਵਿੱਚ ਦਹਿਸ਼ਤ ਪੈਦਾ ਕਰਨ ਜਿਹੀਆਂ ਕੋਝੀਆਂ ਹਰਕਤਾਂ ਕੀਤੀਆਂ ਜਾਂਦੀਆਂ ਹਨ, ਉਨ੍ਹਾਂ ਖਿਲਾਫ ਸਖਤ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ।
ਐਸ.ਐਸ.ਪੀ. ਸ਼ੁਭਮ ਅਗਰਵਾਲ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਪੰਜਾਬ ਪੁਲਿਸ ਦਾ ਸਾਈਬਰ ਸੈਲ ਪੂਰੀ ਤਰ੍ਹਾਂ ਐਕਟਿਵ ਹੈ, ਜੋ ਕਿ ਵੱਖ-ਵੱਖ ਸੋਸ਼ਲ ਮੀਡੀਆ ਸਾਈਟਾਂ ਦੀ 24 ਘੰਟੇ ਮੋਨੀਟਰਿੰਗ ਕਰ ਰਿਹਾ ਹੈ। ਉਹਨਾਂ ਸਪਸ਼ਟ ਸ਼ਬਦਾਂ ਵਿੱਚ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਤੱਥਹੀਣ ਵੀਡੀਓ ਜਾਂ ਪੋਸਟਾਂ ਨੂੰ ਅਪਲੋਡ ਕਰਨਾ ਜਾਂ ਵਟਸਐਪ ਤੇ ਕਿਸੇ ਹੋਰ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਅੱਗੇ ਭੇਜਣਾ ਜ਼ੁਰਮ ਹੈ ਅਤੇ ਜੇਕਰ ਕੋਈ ਵਿਅਕਤੀ ਅਜਿਹਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।
ਐਸ.ਐਸ.ਪੀ. ਸ਼ੁਭਮ ਅਗਰਵਾਲ ਨੇ ਜ਼ਿਲ੍ਹੇ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹ ਕਿਸੇ ਵੀ ਸੋਸ਼ਲ ਮੀਡੀਆ ਸਾਈਟ ਉੱਤੇ ਜਾਂ ਫਿਰ ਵਟਸਐਪ ਗਰੁੱਪ ਵਿੱਚ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਨਾਲ ਸਬੰਧਤ ਕੋਈ ਡਰ ਜਾਂ ਸਹਿਮ ਪੈਦਾ ਕਰਨ ਵਾਲੀ ਪੋਸਟ, ਵੀਡਿਓ ਜਾਂ ਮੈਸੇਜ ਦੇਖਦੇ ਹਨ ਤੁਰੰਤ ਇਸ ਬਾਰੇ ਜਾਣਕਾਰੀ ਜ਼ਿਲ੍ਹਾ ਪੁਲਿਸ ਕੰਟਰੋਲ ਰੂਮ ਦੇ ਨੰਬਰ 85588- 18100 ਉੱਤੇ ਸੂਚਨਾ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ ਅਤੇ ਪਤਾ ਗੁਪਤ ਰੱਖਿਆ ਜਾਵੇਗਾ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ