
ਚੰਡੀਗੜ, 14 ਨਵੰਬਰ (ਹਿੰ. ਸ.)। ਸਭ ਤੋਂ ਪਹਿਲਾਂ ਮੈਂ ਤਰਨ ਤਾਰਨ ਸਾਹਿਬ ਦੇ ਸਮੂਹ ਸੂਝਵਾਨ ਤੇ ਦਲੇਰ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਤੇ ਉਹਨਾਂ ਨੂੰ ਮੁਬਾਰਕਬਾਦ ਵੀ ਦਿੰਦਾ ਹਾਂ ਕਿ ਉਹਨਾਂ ਨੇ ਬੇਮਿਸਾਲ ਜੁਰਅਤ ਨਾਲ ਅੰਨ੍ਹੀ ਸਰਕਾਰੀ ਤਾਨਾਸ਼ਾਹੀ ਅਤੇ ਪੰਜਾਬ ਪੁਲਿਸ ਦੀ ਬੁਰਛਾਗਰਦੀ ਦਾ ਡੱਟ ਕੇ ਮੁਕਾਬਲਾ ਕੀਤਾ ਅਤੇ ਉਹਨਾਂ ਵੱਲੋਂ ਧੱਕੇਸ਼ਾਹੀ, ਹਿੰਸਾ ਅਤੇ ਪੈਸੇ ਦੇ ਲਾਲਚ ਦਾ ਮੂੰਹ ਤੋੜਵਾਂ ਜਵਾਬ ਦਿੱਤਾ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਪੋਸਟ ਸਾਂਝੀ ਕਰਦਿਆਂ ਕੀਤਾ।
ਉਨ੍ਹਾਂ ਲਿਖਿਆ ਕਿ ਖ਼ਾਲਸਾ ਪੰਥ ਤੇ ਪੰਜਾਬ ਤਰਨ ਤਾਰਨ ਸਾਹਿਬ ਦੇ ਵੋਟਰਾਂ ਦਾ ਹਮੇਸ਼ਾਂ ਰਿਣੀ ਰਹੇਗਾ ਕਿ ਉਹਨਾਂ ਨੇ ਬੇਮਿਸਾਲ ਰਿਵਾਇਤੀ ਦ੍ਰਿੜਤਾ ਤੇ ਦਲੇਰੀ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਜੀ ਰੰਧਾਵਾ ਨੂੰ ਡਟ ਕੇ ਵੋਟਾਂ ਪਾਈਆਂ।
ਮੈਂ ਸ਼੍ਰੋਮਣੀ ਅਕਾਲੀ ਦਲ ਦੇ ਸਮੂਹ ਜੁਝਾਰੂ ਵਰਕਰ ਸਾਹਿਬਾਨ ਤੇ ਲੀਡਰ ਸਾਹਿਬਾਨ ਦਾ ਵੀ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਸਰਕਾਰੀ ਅਫ਼ਸਰਸ਼ਾਹੀ ਤੇ ਪੰਜਾਬ ਪੁਲਿਸ ਦੀ ਤਾਕਤ ਦੇ ਅੰਨ੍ਹੇ ਦੁਰਉਪਯੋਗ ਵਿਰੁੱਧ ਡਟ ਕੇ ਖਲੋ ਕੇ ਪਾਰਟੀ, ਪੰਥ ਅਤੇ ਪੰਜਾਬ ਦੇ ਉਮੀਦਵਾਰ ਦੀ ਸਫਲਤਾ ਲਈ ਨਿਡਰ ਹੋ ਕੇ ਤੇ ਪੂਰੀ ਲਗਨ ਨਾਲ ਦਿਨ ਰਾਤ ਮਿਹਨਤ ਕੀਤੀ ।
ਤਰਨ ਤਾਰਨ ਸਾਹਿਬ ਦੇ ਬਹਾਦਰ ਵੋਟਰਾਂ ਦੇ ਪਿਆਰ ਸਦਕਾ ਇਹ ਚੋਣ ਨਤੀਜਾ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਬੇਮਿਸਾਲ ਨੈਤਿਕ ਫ਼ਤਿਹ ਹੋ ਨਿੱਬੜਿਆ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ