
ਪਟਿਆਲਾ, 14 ਨਵੰਬਰ (ਹਿੰ. ਸ.)। ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੇ ਡਾਇਰੈਕਟਰ ਕਿਰਨ ਸ਼ਰਮਾ ਪੀ.ਸੀ.ਐੱਸ. ਦੇ ਦਿਸ਼ਾ-ਨਿਰਦੇਸ਼ ਅਨੁਸਾਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਪਟਿਆਲਾ ਸੰਜੀਵ ਸ਼ਰਮਾ ਦੀ ਯੋਗ ਅਗਵਾਈ ਹੇਠ ਮਿਤੀ 12 ਨਵੰਬਰ ਤੋਂ 14 ਨਵੰਬਰ 2025 ਤੱਕ ਫਿਜ਼ਿਕਸ ਵਿਸ਼ੇ ਦੇ ਲੈਕਚਰਾਰਾਂ ਲਈ ਤਿੰਨ ਰੋਜ਼ਾ ਸਿਖਲਾਈ ਵਰਕਸ਼ਾਪ ਹੋਈ।
ਇਸ ਸਿਖਲਾਈ ਵਰਕਸ਼ਾਪ ਵਿੱਚ ਰਾਜ ਪੱਧਰ ‘ਤੇ ਟ੍ਰੇਨਿੰਗ ਪ੍ਰਾਪਤ ਰਿਸੋਰਸ ਪਰਸਨ ਅਤੇ ਪ੍ਰਿੰਸੀਪਲ ਮੈਂਟਰ ਜ਼ਿਲ੍ਹੇ ਦੇ ਫਿਜ਼ਿਕਸ ਲੈਕਚਰਾਰਾਂ ਨੂੰ ਗਤੀਵਿਧੀਆਂ ਰਾਹੀਂ ਵਿਸ਼ਿਆਂ ਦੀ ਗਹਿਰੀ ਸਮਝ ਦੇਣ ਦੇ ਨਾਲ ਨਾਲ ਗਿਆਰਵੀਂ ਅਤੇ ਬਾਰ੍ਹਵੀਂ ਜਮਾਤਾਂ ਦੇ ਪ੍ਰੈਕਟਿਕਲ ਸਬੰਧੀ ਵਿਸਥਾਰਪੂਰਵਕ ਟ੍ਰੇਨਿੰਗ ਵੀ ਦੇ ਰਹੇ ਹਨ। ਟ੍ਰੇਨਿੰਗ ਦੇ ਪਹਿਲੇ ਦਿਨ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਸਟੇਟ ਐਵਾਰਡੀ ਡਾ. ਰਵਿੰਦਰਪਾਲ ਸਿੰਘ ਸ਼ਰਮਾ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰੀ ਅਤੇ ਲੈਕਚਰਾਰਾਂ ਨੂੰ ਪ੍ਰੈਕਟਿਕਲ ਸਿਖਲਾਈ ਦੀ ਮਹੱਤਤਾ ਬਾਰੇ ਪ੍ਰੇਰਕ ਵਿਚਾਰ ਸਾਂਝੇ ਕੀਤੇ।
ਜ਼ਿਲ੍ਹਾ ਮੈਂਟਰ ਪ੍ਰਿੰਸੀਪਲ ਮਨਦੀਪ ਕੌਰ ਅੰਟਾਲ ਨੇ ਤਿੰਨ ਰੋਜ਼ਾ ਟ੍ਰੇਨਿੰਗ ਦੌਰਾਨ ਹੋਣ ਵਾਲੀਆਂ ਵਿਭਿੰਨ ਗਤੀਵਿਧੀਆਂ ਅਤੇ ਸੈਸ਼ਨਾਂ ਬਾਰੇ ਜਾਣਕਾਰੀ ਦਿੱਤੀ। ਸਟੇਟ ਰਿਸੋਰਸ ਪਰਸਨ ਡਾ. ਦਿਨੇਸ਼ ਕੁਮਾਰ ਨੇ ਅਧਿਆਪਕ ਰਿਸੋਰਸ ਮਾਡਿਊਲ ਅਤੇ ਸਤਤ ਵਿਸ਼ੇਸ਼ਗਤਾ ਵਿਕਾਸ ਪ੍ਰੋਗਰਾਮ (ਕੰਪੀਟੈਂਸੀ ਐਨਹੈਂਸਮੈਂਟ ਪ੍ਰੋਗਰਾਮ) ਬਾਰੇ ਚਾਨਣਾ ਪਾਇਆ।
ਰੀਸੋਰਸ ਪਰਸਨ ਦੌਲਤ ਰਾਮ ਲੈਕਚਰਾਰ ਫਿਜੀਕਸ ਨੇ ਪ੍ਰੋਜੈਕਟਾਈਲ ਮੋਸ਼ਨ ਅਤੇ ਮੋਮੈਂਟਮ ਬਾਰੇ ਵਿਸਥਾਰਪੂਰਵਕ ਲੈਕਚਰ ਦਿੱਤਾ। ਅਮਰਦੀਪ ਸਿੰਘ ਨੇ ਆਰਟੀਫਿਸ਼ਲ ਇੰਟੈਲੀਜੈਂਸ ਦੀ ਮਹੱਤਤਾ ‘ਤੇ ਰੌਸ਼ਨੀ ਪਾਈ, ਜਦਕਿ ਡਾ. ਜਸਵਿੰਦਰ ਸਿੰਘ ਨੈਸ਼ਨਲ ਐਵਾਰਡੀ ਅਧਿਆਪਕ ਨੇ ਬਾਲ ਮਨੋਵਿਗਿਆਨ ਬਾਰੇ ਅਹਿਮ ਜਾਣਕਾਰੀ ਸਾਂਝੀ ਕੀਤੀ।
ਇਹਨਾਂ ਸੈਸ਼ਨਾਂ ਦੌਰਾਨ ਰੀਸੋਰਸ ਪਰਸਨਾਂ ਨੇ ਆਪਣੀਆਂ ਤਿਆਰ ਕੀਤੀਆਂ ਗਤੀਵਿਧੀਆਂ ਰਾਹੀਂ ਫਿਜ਼ਿਕਸ ਦੇ ਗੁੰਝਲਦਾਰ ਸੰਕਲਪਾਂ ਨੂੰ ਸੌਖੇ ਅਤੇ ਰੁਚਿਕਾਰ ਢੰਗ ਨਾਲ ਸਮਝਾਇਆ। ਇਸ ਮੌਕੇ ਜ਼ਿਲ੍ਹੇ ਦੇ ਸਾਰੇ ਫਿਜ਼ਿਕਸ ਲੈਕਚਰਾਰ ਉਤਸ਼ਾਹ ਨਾਲ ਸ਼ਾਮਲ ਹੋਏ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ