
ਅੰਮ੍ਰਿਤਸਰ, 17 ਨਵੰਬਰ (ਹਿੰ. ਸ.)। ਅੰਮ੍ਰਿਤਸਰ-ਜਲੰਧਰ ਜੀ. ਟੀ. ਰੋਡ ’ਤੇ ਕਸਬਾ ਮਾਨਾਂਵਾਲਾ ਵਿਖੇ ਭੇਦਭਰੇ ਹਾਲਾਤ ਵਿਚ ਇਕ ਵਿਅਕਤੀ ਦੀ ਲਾਸ਼ ਬਰਾਮਦ ਹੋਈ, ਜਿਸ ਦੀ ਪਛਣ ਰਾਜ ਕੁਮਾਰ (47 ਸਾਲ) ਪੁੱਤਰ ਓਮ ਪ੍ਰਕਾਸ਼ ਵਜੋਂ ਹੋਈ ਹੈ।
ਹਲਕਾ ਅਟਾਰੀ ਦੇ ਪਿੰਡ ਮਾਨਾਂਵਾਲਾ ਖੁਰਦ ਦੇ ਸਾਬਕਾ ਸਰਪੰਚ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਭਤੀਜਾ ਰਾਜ ਕੁਮਾਰ ਪੁੱਤਰ ਓਮ ਪ੍ਰਕਾਸ਼ ਵਾਸੀ ਮਾਨਾਂਵਾਲਾ ਖੁਰਦ, ਜੋ ਜੀ.ਟੀ. ਰੋਡ ਜੰਡਿਆਲਾ ਗੁਰੂ ਵਿਖੇ ਡੈਂਟਿੰਗ ਪੇਂਟਿੰਗ ਦਾ ਕੰਮ ਕਰਦਾ ਹੈ, ਬੀਤੇ ਕੱਲ੍ਹ ਰਾਜ ਕੁਮਾਰ ਨੇ ਦੁਕਾਨ ਤੋਂ 7 ਵਜੇ ਦੇ ਕਰੀਬ ਵਾਪਸ ਪਿੰਡ ਆਓਣ ਵੇਲੇ ਫੋਨ ਕੀਤਾ ਤੇ ਕਿਹਾ ਕਿ ਥੋੜੀ ਦੇਰ ਤੱਕ ਘਰ ਪਹੁੰਚ ਜਾਵੇਗਾ ਪਰ ਦੇਰ ਰਾਤ ਤੱਕ ਜਦੋਂ ਉਹ ਘਰ ਵਾਪਸ ਨਹੀਂ ਆਇਆ ਤਾਂ ਅਸੀਂ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਇਸ ਦੇ ਲਾਪਤਾ ਹੋਣ ਦੀ ਸੂਚਨਾ ਥਾਣਾ ਜੰਡਿਆਲਾ ਗੁਰੂ ਤੇ ਪੁਲਿਸ ਚੌਂਕੀ ਦੋਬੁਰਜੀ ਵਿਖੇ ਦਿੱਤੀ।
ਉਨਾਂ ਦੱਸਿਆ ਕਿ ਅਸੀਂ ਸਾਰੀ ਰਾਤ ਰਾਜ ਕੁਮਾਰ ਦੀ ਭਾਲ ਕਰਦੇ ਰਹੇ ਪਰ ਕੁਝ ਨਹੀਂ ਮਿਲਿਆ ਅਤੇ ਸਵੇਰੇ ਪਤਾ ਲੱਗਾ ਕਿ ਮਾਨਾਂਵਾਲਾ ਵਿਖੇ ਪੈਟਰੋਲ ਪੰਪ ਦੇ ਸਾਹਮਣੇ ਸੜਕ ਵਿਚਕਾਰ ਬਣੇ ਡਿਵਾਈਡਰ ’ਤੇ ਕਿਸੇ ਵਿਅਕਤੀ ਦੀ ਲਾਸ਼ ਪਈ ਹੈ ਤੇ ਜਦੋਂ ਮੌਕੇ ’ਤੇ ਜਾ ਕੇ ਦੇਖਿਆ ਤਾਂ ਉਹ ਰਾਜ ਕੁਮਾਰ ਹੀ ਸੀ ਅਤੇ ਉਸਦਾ ਮੋਟਰਸਾਈਕਲ ਡਿਵਾਈਡਰ ’ਤੇ ਡਿੱਗਾ ਹੋਇਆ ਸੀ। ਪੁਲਿਸ ਚੌਂਕੀ ਦੋਬੁਰਜੀ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ