
ਪਟਿਆਲਾ, 17 ਨਵੰਬਰ (ਹਿੰ. ਸ.)। ਪਟਿਆਲਾ ਜ਼ਿਲ੍ਹੇ ਦੇ ਸਾਰੇ ਸਕੂਲ ਸਵੇਰ ਦੀ ਸਭਾ ਵੇਲੇ ਇਤਿਹਾਸਕ ਅਤੇ ਅਧਿਆਤਮਿਕ ਮਾਹੌਲ ਵਿੱਚ ਰੰਗੇ ਗਏ, ਜਦੋਂ ਇਨ੍ਹਾਂ ਸਕੂਲਾਂ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮਾਂ ਦੀ ਲੜੀ ਤਹਿਤ ਛੇਵੇਂ ਤੇ ਸੱਤਵੇਂ ਦਿਨ 'ਬਾਣੀ ਸ੍ਰੀ ਗੁਰੂ ਤੇਗ ਬਹਾਦਰ ਜੀ' ਤੇ 'ਔਰੰਗਜ਼ੇਬ ਦੇ ਜ਼ੁਲਮਾਂ' ਬਾਰੇ ਲੈਕਚਰ ਸੁਣਾਏ ਗਏ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੰਜੀਵ ਕੁਮਾਰ ਨੇ ਦੱਸਿਆ ਕਿ ਸਾਰੇ ਸਿੱਖਿਆ ਬੋਰਡਾਂ ਨਾਲ ਸਬੰਧਤ ਸੂਬੇ ਭਰ ਦੇ ਸਾਰੇ ਸਕੂਲਾਂ (ਸਰਕਾਰੀ, ਪ੍ਰਾਈਵੇਟ ਅਤੇ ਸਹਾਇਤਾ ਪ੍ਰਾਪਤ) ਵਿੱਚ ਨਰਸਰੀ ਤੋਂ ਲੈ ਕੇ 12ਵੀਂ ਜਮਾਤ ਤੱਕ ਇਹ ਲਾਜ਼ਮੀ ਸਿੱਖਿਆ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ ਤਾਂ ਜੋ ਵਿਦਿਆਰਥੀਆਂ ਵਿੱਚ ਹੱਕ-ਸੱਚ, ਨਿਆਂ ਅਤੇ ਨੈਤਿਕ ਕਦਰਾਂ-ਕੀਮਤਾਂ ਪੈਦਾ ਕੀਤੀਆਂ ਜਾ ਸਕਣ। ਉਨ੍ਹਾਂ ਦੱਸਿਆ ਹੈ ਕਿ ਇਸ ਪ੍ਰੋਗਰਾਮ ਨੂੰ ਵੱਡਾ ਹੁੰਗਾਰਾ ਮਿਲ ਰਿਹਾ ਹੈ।
ਪ੍ਰੋਗਰਾਮ ਦੇ ਜ਼ਿਲ੍ਹਾ ਨੋਡਲ ਅਫ਼ਸਰ ਹੈਡ ਟੀਚਰ ਸੰਨੀ ਗੁਪਤਾ ਦੱਸਿਆ ਕਿ ਇਸ ਸਿੱਖਿਆ ਪ੍ਰੋਗਰਾਮ ਤਹਿਤ ਸਵੇਰ ਦੀ ਸਭਾ ਵਿੱਚ 10-12 ਮਿੰਟ ਲਈ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਜੀਵਨ, ਸ਼ਹਾਦਤ, ਮਾਤਾ ਗੁਜਰੀ ਜੀ ਦੇ ਜੀਵਨ ਅਤੇ ਖਾਲਸਾ ਪੰਥ ਦੀ ਸਿਰਜਣਾ ਦੇ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ।
ਇਸ ਤੋਂ ਇਲਾਵਾ ਵਿਸ਼ੇਸ਼ ਭਾਸ਼ਣ, ਕਵਿਤਾ ਪਾਠ, ਭਾਸ਼ਣ ਮੁਕਾਬਲੇ, ਲੇਖ ਅਤੇ ਇਤਿਹਾਸਕ ਕਿਤਾਬਾਂ ਦੀ ਵੰਡ ਸਬੰਧੀ ਪ੍ਰੋਗਰਾਮ ਕਰਵਾਏ ਜਾਣਗੇ, ਜਿਹਨਾਂ ਦਾ ਉਦੇਸ਼ ਨੌਵੇਂ ਪਾਤਸ਼ਾਹ ਵੱਲੋਂ ਦਿਖਾਏ ਰਸਤੇ ਅਤੇ ਕਦਰਾਂ-ਕੀਮਤਾਂ ਬਾਰੇ ਨੌਜਵਾਨਾਂ ਵਿੱਚ ਡੂੰਘੀ ਸੂਝ ਪੈਦਾ ਕੀਤੀ ਜਾ ਸਕੇ। ਸਕੂਲੀ ਵਿਦਿਆਰਥੀਆਂ ਨੂੰ 15 ਦਿਨਾਂ ਸਿੱਖਿਆ ਪ੍ਰੋਗਰਾਮ ਤਹਿਤ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਜੀਵਨ, ਲਾਸਾਨੀ ਸ਼ਹਾਦਤ ਅਤੇ ਸਿੱਖਿਆਵਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ