ਸਿਵਲ ਸਰਜਨ ਵਲੋਂ ਗ਼ੈਰ-ਸੰਚਾਰੀ ਬਿਮਾਰੀਆਂ ਦੀ ਜਾਂਚ ਦਾ ਟੀਚਾ ਜਲਦ ਪੂਰਾ ਕਰਨ ਦੀ ਹਦਾਇਤ
ਮੋਹਾਲੀ, 17 ਨਵੰਬਰ (ਹਿੰ. ਸ.)। ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਜ਼ਿਲ੍ਹੇ ਦੇ ਕਮਿਊਨਿਟੀ ਹੈਲਥ ਅਫ਼ਸਰਾਂ (ਸੀ.ਐਚ.ਓ.) ਨੂੰ ਗ਼ੈਰ-ਸੰਚਾਰੀ ਬੀਮਾਰੀਆਂ (ਐਨ.ਸੀ.ਡੀ.) ਦੀ ਜਾਂਚ ਦਾ ਨਿਰਧਾਰਤ ਟੀਚਾ ਜਲਦ ਪੂਰਾ ਕਰਨ ਦੀ ਹਦਾਇਤ ਕੀਤੀ ਹੈ। ਉਹ ਇਥੇ ਸੀ.ਐਚ.ਓ ਦੇ ਇਕ ਦਿਨਾ ਟਰੇਨਿੰਗ ਸੈਸ਼ਨ ਨੂੰ ਸੰਬੋਧਨ ਕਰ ਰਹੇ ਸ
ਸੀ.ਐਚ.ਓ ਦੇ ਇਕ ਦਿਨਾ ਟਰੇਨਿੰਗ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਸਿਵਲ ਸਰਜਨ ਮੁਹਾਲੀ।


ਮੋਹਾਲੀ, 17 ਨਵੰਬਰ (ਹਿੰ. ਸ.)। ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਜ਼ਿਲ੍ਹੇ ਦੇ ਕਮਿਊਨਿਟੀ ਹੈਲਥ ਅਫ਼ਸਰਾਂ (ਸੀ.ਐਚ.ਓ.) ਨੂੰ ਗ਼ੈਰ-ਸੰਚਾਰੀ ਬੀਮਾਰੀਆਂ (ਐਨ.ਸੀ.ਡੀ.) ਦੀ ਜਾਂਚ ਦਾ ਨਿਰਧਾਰਤ ਟੀਚਾ ਜਲਦ ਪੂਰਾ ਕਰਨ ਦੀ ਹਦਾਇਤ ਕੀਤੀ ਹੈ। ਉਹ ਇਥੇ ਸੀ.ਐਚ.ਓ ਦੇ ਇਕ ਦਿਨਾ ਟਰੇਨਿੰਗ ਸੈਸ਼ਨ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵਲੋਂ ਇਨ੍ਹਾਂ ਬੀਮਾਰੀਆਂ ਦੀ ਜਾਂਚ ਅਤੇ ਜਾਗਰੂਕਤਾ ਸਬੰਧੀ ਵਿਆਪਕ ਮੁਹਿੰਮ ਲਗਾਤਾਰ ਚਲਾਈ ਜਾ ਰਹੀ ਹੈ ਤਾਕਿ 30 ਸਾਲ ਤੋਂ ਉਪਰਲੇ ਹਰ ਵਿਅਕਤੀ ਅੰਦਰ ਗ਼ੈਰ-ਸੰਚਾਰੀ ਬੀਮਾਰੀਆਂ ਜਿਵੇਂ ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਆਮ ਕੈਂਸਰ ਆਦਿ ਦਾ ਪਤਾ ਲਗਾਇਆ ਜਾ ਸਕੇ। ਡਾ. ਜੈਨ ਨੇ ਆਖਿਆ ਕਿ ਇਹ ਬੀਮਾਰੀਆਂ ਅਕਸਰ ਜਾਂਚ ਅਤੇ ਜਾਗਰੂਕਤਾ ਦੀ ਘਾਟ ਕਾਰਨ ਹੋ ਜਾਂਦੀਆਂ ਹਨ। ਇਸ ਲਈ ਜ਼ਰੂਰੀ ਹੈ ਕਿ ਜਾਂਚ ਦਾ ਨਿਰਧਾਰਤ ਟੀਚਾ ਜਲਦ ਪੂਰਾ ਕੀਤਾ ਜਾਵੇ ਤਾਕਿ ਇਨ੍ਹਾਂ ਬੀਮਾਰੀਆਂ ਤੋਂ ਆਮ ਲੋਕਾਂ ਖ਼ਾਸਕਰ ਗਰਭਵਤੀ ਔਰਤਾਂ ਨੂੰ ਬਚਾਇਆ ਜਾ ਸਕੇ। ਉਨ੍ਹਾਂ ਇਸ ਪ੍ਰੋਗਰਾਮ ਦੇ ਮੁਕੰਮਲ ਲਾਗੂਕਰਨ ਲਈ ਕਈ ਅਹਿਮ ਨੁਕਤੇ ਸਾਂਝੇ ਕੀਤੇ।

ਕੇਅਰ ਕੰਪੈਨੀਅਨ ਪ੍ਰੋਗਰਾਮ (ਸੀ.ਸੀ.ਪੀ.) ਬਾਰੇ ਗੱਲ ਕਰਦਿਆਂ ਸਿਵਲ ਸਰਜਨ ਨੇ ਆਖਿਆ ਕਿ ਇਸ ਪ੍ਰੋਗਰਾਮ ਦਾ ਮੰਤਵ ਹੈ ਕਿ ਮਰੀਜ਼ ਹਸਪਤਾਲ ਵਿਚੋਂ ਠੀਕ ਹੋ ਕੇ ਜਾਣ ਅਤੇ ਘਰਾਂ ਵਿਚ ਵੀ ਉਨ੍ਹਾਂ ਦੇ ਪਰਵਾਰਕ ਜੀਅ ਮੁਕੰਮਲ ਸਿਹਤਯਾਬੀ ਤਕ ਉਨ੍ਹਾਂ ਦੀ ਚੰਗੀ ਤਰ੍ਹਾਂ ਦੇਖਭਾਲ ਕਰਨ। ਇਸ ਲਈ ਮਰੀਜ਼ ਦੀ ਮੁਕੰਮਲ ਤੰਦਰੁਸਤੀ ਲਈ ਉਸ ਦੇ ਪਰਵਾਰਕ ਜੀਆਂ ਜਾਂ ਸਾਕ-ਸਬੰਧੀਆਂ ਨੂੰ ਸਹੀ ਦੇਖਭਾਲ ਬਾਬਤ ਸਿਖਿਅਤ ਕੀਤਾ ਜਾਵੇ। ਇੰਜ ਮਰੀਜ਼ ਹਸਪਤਾਲ ਵਿਚ ਦਾਖ਼ਲ ਹੋਣ ਦੌਰਾਨ ਅਤੇ ਹਸਪਤਾਲ ਤੋਂ ਛੁੱਟੀ ਮਿਲਣ ਮਗਰੋਂ ਛੇਤੀ ਸਿਹਤਯਾਬ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇ ਮਰੀਜ਼ ਖ਼ੁਦ ਅਤੇ ਉਸ ਦੇ ਪਰਵਾਰਕ ਜੀਅ ਸਾਫ਼-ਸਫ਼ਾਈ, ਦਵਾਈ, ਸਹੀ ਖਾਣ-ਪੀਣ, ਸੁਚੱਜੇ ਸਿਹਤ ਵਿਹਾਰ ਜਿਹੀਆਂ ਛੋਟੀਆਂ-ਛੋਟੀਆਂ ਗੱਲਾਂ ਬਾਰੇ ਜਾਗਰੂਕ ਹੋਣਗੇ ਤਾਂ ਮਰੀਜ਼ ਨੂੰ ਬਹੁਤੀ ਤਕਲੀਫ਼ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅਤੇ ਉਹ ਛੇਤੀ ਠੀਕ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਪਹਿਲਾਂ ਹੀ ਜ਼ਿਲ੍ਹੇ ਦੀਆਂ ਵੱਖ-ਵੱਖ ਸਿਹਤ ਸੰਸਥਾਵਾਂ ਵਿਚ ਚੱਲ ਰਿਹਾ ਹੈ, ਇਸ ਲਈ ਇਸ ਪ੍ਰੋਗਰਾਮ ਨੂੰ ਹੋਰ ਵਧੀਆ ਤਰੀਕੇ ਨਾਲ ਚਲਾਇਆ ਜਾਵੇ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande